ਨਰਿੰਦਰ ਮੋਦੀ ਨੂੰ NDA ਆਗੂਆਂ ਨੇ ਚੁਣਿਆ ਆਪਣਾ ਨੇਤਾ, ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸਹੁੰ

5 ਜੂਨ 2024

ਲੋਕ ਸਭਾ ਚੋਣਾਂ ਵਿੱਚ ਐਨਡੀਏ ਨੂੰ ਬਹੁਮਤ ਮਿਲਿਆ ਹੈ ਅਤੇ ਉਹ ਤੀਜੀ ਵਾਰ ਸੱਤਾ ਵਿੱਚ ਆਉਣ ਜਾ ਰਿਹਾ ਹੈ। ਨਵੀਂ ਸਰਕਾਰ ਦੇ ਸਹੁੰ ਚੁੱਕਣ ਦੀ ਤਰੀਕ ਅਤੇ ਸਮਾਂ ਵੀ ਤੈਅ ਹੋ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਗਮ 8 ਜੂਨ ਦੀ ਸ਼ਾਮ ਨੂੰ ਹੋ ਸਕਦਾ ਹੈ। ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ। ਨਵੀਂ ਕੈਬਨਿਟ ਵਿੱਚ ਚਿਹਰਿਆਂ ਨੂੰ ਲੈ ਕੇ ਸਹਿਯੋਗੀਆਂ ਨਾਲ ਗੱਲਬਾਤ ਅਤੇ ਮੀਟਿੰਗਾਂ ਦਾ ਦੌਰ ਵੀ ਤੇਜ਼ ਹੋ ਗਿਆ ਹੈ। ਦੋ-ਤਿੰਨ ਦਿਨਾਂ ਵਿੱਚ ਨਾਵਾਂ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ

ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ ਨਾਲ ਹੀ ਨਰਿੰਦਰ ਮੋਦੀ ਦੇ ਨਾਂ ਇੱਕ ਨਵਾਂ ਰਿਕਾਰਡ ਜੁੜ ਜਾਵੇਗਾ। ਉਹ ਦੇਸ਼ ਦੇ ਦੂਜੇ ਅਜਿਹੇ ਨੇਤਾ ਬਣ ਜਾਣਗੇ ਜੋ ਲਗਾਤਾਰ ਤੀਜੀ ਵਾਰ ਚੋਣਾਂ ਜਿੱਤ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਇਸ ਤੋਂ ਪਹਿਲਾਂ ਇਹ ਰਿਕਾਰਡ ਜਵਾਹਰ ਲਾਲ ਨਹਿਰੂ ਦੇ ਨਾਂ ਸੀ। ਮੋਦੀ ਆਪਣੇ ਰਿਕਾਰਡ ਦੀ ਬਰਾਬਰੀ ਕਰਨਗੇ।

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ ਦੀ ਇੱਕ ਅਹਿਮ ਬੈਠਕ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਹੋਈ।ਪ੍ਰਧਾਨ ਮੰਤਰੀ ਨਿਵਾਸ ‘ਤੇ NDA ਦੀ ਬੈਠਕ ‘ਚ 10 ਤੋਂ ਜ਼ਿਆਦਾ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ ਸਨ। ਇਨ੍ਹਾਂ ਵਿੱਚ ਜੇਡੀਯੂ ਆਗੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਟੀਡੀਪੀ ਮੁਖੀ ਚੰਦਰਬਾਬੂ ਨਾਇਡੂ, ਏਜੇਐਸਯੂ ਮੁਖੀ ਸੁਦੇਸ਼ ਮਹਤੋ, ਆਰਐਲਡੀ ਦੇ ਜਯੰਤ ਚੌਧਰੀ, ਜਨ ਸੈਨਾ ਪਾਰਟੀ ਦੇ ਮੁਖੀ ਪਵਨ ਕਲਿਆਣ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਲੋਕ ਜਨਸ਼ਕਤੀ ਪਾਰਟੀ ਦੇ ਨੇਤਾ ਚਿਰਾਗ ਪਾਸਵਾਨ, ਅਪਨਾ ਦਲ (ਸੋਨੇਲਾਲ) ਦੀ ਆਗੂ ਅਨੁਪ੍ਰਿਆ ਪਟੇਲ ਅਤੇ ਐਚਏਐਮ ਆਗੂ ਜੀਤਨ ਰਾਮ ਮਾਂਝੀ ਸ਼ਾਮਲ ਹਨ।

NDA ਸੰਸਦੀ ਦਲ ਦੀ ਬੈਠਕ 7 ਜੂਨ ਨੂੰ ਸਵੇਰੇ 11 ਵਜੇ ਹੋਵੇਗੀ। ਇਸ ‘ਚ ਨਰਿੰਦਰ ਮੋਦੀ ਰਸਮੀ ਤੌਰ ‘ਤੇ ਨੇਤਾ ਚੁਣੇ ਜਾਣਗੇ। ਇਸ ਤੋਂ ਬਾਅਦ 8 ਜੂਨ ਨੂੰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।