ਪਟਨਾ ਦੇ ਨਿੱਜੀ ਸਕੂਲ ਵਿਚ 4 ਸਾਲਾ ਵਿਦਿਆਰਥੀ ਦੀ ਮਿਲੀ ਲਾਸ਼….ਗੁੱਸੇ ‘ਚ ਭੀੜ ਨੇ ਸਕੂਲ ਨੂੰ ਲਗਾਈ ਅੱਗ, 3 ਲੋਕਾਂ ਨੂੰ ਲਿਆ ਹਿਰਾਸਤ ਵਿੱਚ
17 ਮਈ 2024
ਪਟਨਾ ਦੇ ਦੀਘਾ ਇਲਾਕੇ ’ਚ ਸਥਿਤ ਇਕ ਨਿੱਜੀ ਸਕੂਲ ’ਚ ਵੀਰਵਾਰ ਤੋਂ ਲਾਪਤਾ ਸਕੂਲੀ ਵਿਦਿਆਰਥੀ ਦੀ ਲਾਸ਼ ਨਾਲੇ ’ਚੋਂ ਮਿਲਣ ਤੋਂ ਬਾਅਦ ਇਲਾਕੇ ’ਚ ਹੜਕੰਪ ਮਚ ਗਿਆ ਹੈ।ਇਸ ਮੌਕੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਲੋਕ ਗੁੱਸੇ ’ਚ ਹਨ ਅਤੇ ਸੜਕਾਂ ਜਾਮ ਕਰ ਰਹੇ ਹਨ ਅਤੇ ਅੱਗ ਲਗਾ ਰਹੇ ਹਨ। ਦੱਸ ਦਈਏ ਕਿ 4 ਸਾਲ ਦਾ ਬੱਚਾ ਬੀਤੇ ਦਿਨ ਤੋਂ ਲਾਪਤਾ ਸੀ ਅਤੇ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਡਰੇਨ ’ਚ ਵਿਦਿਆਰਥੀ ਦੀ ਲਾਸ਼ ਸਕੂਲ ਦੇ ਨਾਲੇ ’ਚੋਂ ਮਿਲੀ ਹੈ। ਗੁੱਸੇ ਵਿਚ ਲੋਕਾਂ ਨੇ ਦੀਘਾ ਆਸ਼ਿਆਨਾ ਰੋਡ ਵੀ ਜਾਮ ਕੀਤਾ ਗਿਆ। ਕਈ ਸਕੂਲੀ ਬੱਸਾਂ ਨੂੰ ਰੋਕਿਆ ਗਿਆ ਅਤੇ ਪੈਦਲ ਚੱਲਣ ਵਾਲਿਆਂ ’ਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਵਾਪਰੀਆਂ। ਇੰਨਾ ਹੀ ਨਹੀਂ ਗੁੱਸੇ ’ਚ ਆਈ ਭੀੜ ਨੇ ਉਸ ਸਕੂਲ ਨੂੰ ਵੀ ਅੱਗ ਲਗਾ ਦਿੱਤੀ, ਜਿੱਥੇ ਬੱਚਾ ਪੜ੍ਹਦਾ ਸੀ। ਪੁਲਿਸ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਸਕੂਲ ਦੇ ਬਾਹਰ ਵੱਡੀ ਗਿਣਤੀ ’ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਸਿਟੀ ਐੱਸਪੀ ਚੰਦਰਪ੍ਰਕਾਸ਼ ਅਤੇ ਐੱਸਡੀਪੀਓ 2 ਦਿਨੇਸ਼ ਪਾਂਡੇ ਖੁਦ ਮੌਕੇ ‘ਤੇ ਮੌਜੂਦ ਹਨ।
ਇਸ ਦੌਰਾਨ ਸਕੂਲ ਦੀ ਇਮਾਰਤ ’ਚ ਲਾਈ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ 3 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਦੀਘਾ ਥਾਣੇ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੌਰਾਨ ਸਿਟੀ ਐਸਪੀ ਚੰਦਰਪ੍ਰਕਾਸ਼ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਸਿਟੀ ਐਸਪੀ ਨੇ ਦੱਸਿਆ ਕਿ ਰਾਤ ਨੂੰ ਪਤਾ ਲੱਗਾ ਕਿ ਵਿਦਿਆਰਥੀ ਲਾਪਤਾ ਹੈ। ਪਹਿਲਾਂ ਪਰਿਵਾਰਕ ਮੈਂਬਰਾਂ ਨੇ ਖੋਜ ਕੀਤੀ ਅਤੇ ਫਿਰ ਸਾਡੀ ਟੀਮ ਪਹੁੰਚੀ। ਸਬੂਤ ਇਕੱਠੇ ਕੀਤੇ ਗਏ, ਸੀਸੀਟੀਵੀ ਨੇ ਬੱਚਾ ਜਾਂਦਾ ਦਿਖਾਇਆ ਪਰ ਆਉਂਦਾ ਨਹੀਂ। ਇਸ ਲਈ ਅਸੀਂ ਇਸ ਨੂੰ ਕਤਲ ਮੰਨ ਕੇ ਜਾਂਚ ਕਰਾਂਗੇ। ਸਕੂਲ ਦੇ ਅੰਦਰ ਇੱਕ ਲਾਸ਼ ਮਿਲੀ ਹੈ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ।