ਭਾਰਤੀ ਮਸਾਲਾ ਕੰਪਨੀਆਂ ਖਿਲਾਫ ਨੇਪਾਲ ਦੀ ਵੱਡੀ ਕਾਰਵਾਈ: MDH ਅਤੇ ਐਵਰੈਸਟ ਦੇ ਮਸਾਲਿਆਂ ਦੀ ਵਿਕਰੀ ‘ ਤੇ ਪਾਬੰਦੀ ਅਤੇ ਮਸਾਲਿਆਂ ਵਿੱਚ ਐਥੀਲੀਨ ਆਕਸਾਈਡ ਦੀ ਜਾਂਚ ਸ਼ੁਰੂ
17 ਮਈ 2024
ਨੇਪਾਲ ਨੇ ਦੋ ਭਾਰਤੀ ਬ੍ਰਾਂਡਾਂ – MDH ਅਤੇ ਐਵਰੈਸਟ ਦੇ ਮਸਾਲਿਆਂ ਦੀ ਦਰਾਮਦ, ਵਰਤੋਂ ਅਤੇ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਨੇਪਾਲ ਦੇ ਫੂਡ ਟੈਕਨਾਲੋਜੀ ਅਤੇ ਗੁਣਵੱਤਾ ਨਿਯੰਤਰਣ ਵਿਭਾਗ ਨੇ ਇਨ੍ਹਾਂ ਮਸਾਲਿਆਂ ਵਿਚ ਕੀਟਨਾਸ਼ਕ ਐਥੀਲੀਨ ਆਕਸਾਈਡ ਹੋਣ ਦੀ ਸੰਭਾਵਨਾ ਹੋਣ ਕਾਰਣ ਇਨ੍ਹਾਂ ਮਸਾਲਿਆਂ ਵਿੱਚ ਐਥੀਲੀਨ ਆਕਸਾਈਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੇਪਾਲ ‘ਚ ਮਸਾਲਿਆਂ ਦੀ ਵਿਕਰੀ ‘ਤੇ ਵੀ ਪਾਬੰਦੀ ਹੈ।ਐਥੀਲੀਨ ਆਕਸਾਈਡ ਤੋਂ ਕੈਂਸਰ ਹੋਣ ਦਾ ਖਤਰਾ ਹੈ। ਨੇਪਾਲ ਦੇ ਖੁਰਾਕ ਤਕਨਾਲੋਜੀ ਅਤੇ ਗੁਣਵੱਤਾ ਨਿਯੰਤਰਣ ਵਿਭਾਗ ਦੇ ਬੁਲਾਰੇ ਮੋਹਨ ਕ੍ਰਿਸ਼ਨ ਮਹਾਰਾਜਨ ਨੇ ਕਿਹਾ ਕਿ ਨੇਪਾਲ ਵਿੱਚ ਐਮਡੀਐਚ ਅਤੇ ਐਵਰੈਸਟ ਮਸਾਲਿਆਂ ਦੇ ਆਯਾਤ ‘ਤੇ ਇੱਕ ਹਫ਼ਤਾ ਪਹਿਲਾਂ ਪਾਬੰਦੀ ਲਗਾਈ ਗਈ ਸੀ।ਇਨ੍ਹਾਂ ਦੋਵਾਂ ਬ੍ਰਾਂਡਾਂ ਦੇ ਮਸਾਲਿਆਂ ਵਿੱਚ ਐਥੀਲੀਨ ਆਕਸਾਈਡ ਦੀ ਜਾਂਚ ਚੱਲ ਰਹੀ ਹੈ। ਅੰਤਿਮ ਰਿਪੋਰਟ ਆਉਣ ਤੱਕ ਪਾਬੰਦੀ ਜਾਰੀ ਰਹੇਗੀ।
ਇਸ ਤੋਂ ਪਹਿਲਾਂ ਹਾਂਗਕਾਂਗ ਦੇ ਫੂਡ ਰੈਗੂਲੇਟਰ ਸੈਂਟਰ ਫਾਰ ਫੂਡ ਸੇਫਟੀ (CFS) ਨੇ ਕਿਹਾ ਸੀ ਕਿ ਇਨ੍ਹਾਂ ਮਸਾਲਿਆਂ ‘ਚ ਕੀਟਨਾਸ਼ਕ, ਐਥੀਲੀਨ ਆਕਸਾਈਡ ਹੁੰਦਾ ਹੈ, ਜਿਸ ਨਾਲ ਕੈਂਸਰ ਦਾ ਖਤਰਾ ਹੁੰਦਾ ਹੈ। MDH ਅਤੇ ਐਵਰੈਸਟ ਦੇ ਚਾਰ ਮਸਾਲੇ ਉਤਪਾਦਾਂ ‘ਤੇ ਪਾਬੰਦੀ ਲਗਾਈ ਗਈ ਸੀ। ਸਿੰਗਾਪੁਰ ਦੀ ਫੂਡ ਏਜੰਸੀ ਨੇ MDH, ਐਵਰੈਸਟ ਦੇ ਮਸਾਲਿਆਂ ਨੂੰ ਵਾਪਸ ਬੁਲਾਉਣ ਦਾ ਆਦੇਸ਼ ਦਿੱਤਾ ਹੈ।ਬ੍ਰਿਟੇਨ ਦੀ ਫੂਡ ਸਟੈਂਡਰਡ ਏਜੰਸੀ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਉਸ ਨੇ ਇਸ ਸਾਲ ਦੀ ਸ਼ੁਰੂਆਤ ਤੋਂ ਭਾਰਤੀ ਮਸਾਲਿਆਂ ‘ਚ ਐਥੀਲੀਨ ਆਕਸਾਈਡ ‘ਤੇ ਕੰਟਰੋਲ ਦੇ ਵਾਧੂ ਉਪਾਅ ਕੀਤੇ ਹਨ।