ਮੋਟਰਸਾਈਕਲ ਸਵਾਰ 2 ਨੌਜਵਾਨਾਂ ਨਾਲ ਵਾਪਰਿਆ ਸੜਕ ਹਾਦਸਾ,1 ਦੀ ਮੌਤ ਅਤੇ 1 ਗੰਭੀਰ ਜ਼ਖਮੀ।

ਸੁਲਤਾਨਪੁਰ ਲੋਧੀ, 24 ਅਪ੍ਰੈਲ 2024

ਸੁਲਤਾਨਪੁਰ ਲੋਧੀ ਵਿਖੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਡੱਲਾ ਰੋਡ ਤੇ  ਹੋਏ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ  ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਦਿਆਰਥੀ ਸੜਕ ‘ਤੇ ਡਿੱਗ ਗਏ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੂਜੇ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮ੍ਰਿਤਕ ਦੀ ਪਹਿਚਾਣ 18 ਸਾਲਾ ਨਵਦੀਪ ਸਿੰਘ ਪੁੱਤਰ ਜਸਵੀਰ ਸਿੰਘ ਮਲਸੀਆਂ ਵਜੋਂ ਹੋਈ ਹੈ। ਨੌਜਵਾਨ ਏਪੀਜੇ ਨਰਸਿੰਗ ਕਾਲਜ ਵਿਖੇ ਨਰਸਿੰਗ ਦੀ ਪੜ੍ਹਾਈ ਕਰਦਾ ਸੀ ਅਤੇ ਦੋ ਮਹੀਨੇ ਦੀ ਟਰੇਨਿੰਗ ਤੋਂ ਬਾਅਦ ਅੱਜ ਪਹਿਲੇ ਦਿਨ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਕਾਲਜ  ਜਾ ਰਿਹਾ ਸੀ।

ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।