ਪੰਜਾਬ ਵਿੱਚ ਜੀਐਸਟੀ ਆਮਦਨ ‘ ਚ 22 ਫੀ ਸਦੀ ਦਾ ਵਾਧਾ
23 ਫ਼ਰਵਰੀ 2024
ਵਿੱਤੀ ਸਾਲ 2023-24 ਦੇ ਪਹਿਲੇ 10 ਮਹੀਨਿਆਂ ’ਚ ਪੰਜਾਬ ਦੇ ਟੈਕਸ ਮਾਲੀਆ ’ਚ 22٪ ਦਾ ਵਾਧਾ ਹੋਇਆ ਹੈ, ਜਿਸ ਨਾਲ ਕੁਲ ਮਾਲੀਆ 53,617 ਕਰੋੜ ਰੁਪਏ ਰਿਹਾ ਹੈ। ਇਹ ਵਾਧਾ ਮੁੱਖ ਤੌਰ ’ਤੇ ਜੀ.ਐਸ.ਟੀ., ਵਿਕਰੀ ਟੈਕਸ,ਅਤੇ ਕੇਂਦਰੀ ਟੈਕਸਾਂ ’ਚ ਰਾਜ ਦੇ ਹਿੱਸੇ ਤੋਂ ਬਿਹਤਰ ਸੰਗ੍ਰਹਿ ਕਾਰਨ ਹੋਇਆ ਹੈ।ਇਕੱਲੇ ਜੀ.ਐਸ.ਟੀ. ਕੁਲੈਕਸ਼ਨ ’ਚ 16٪ ਦਾ ਵਾਧਾ ਹੋਇਆ ਹੈ, ਜੋ 17,295 ਕਰੋੜ ਰੁਪਏ ਹੈ। ਵਿਕਰੀ ਟੈਕਸ ਅਤੇ ਰਾਜ ਆਬਕਾਰੀ ’ਚ ਵੀ ਦੋ ਅੰਕਾਂ ਦਾ ਵਾਧਾ ਹੋਇਆ ਹੈ, ਜਿਸ ਨਾਲ ਟੈਕਸ ਮਾਲੀਆ ’ਚ ਸਮੁੱਚੇ ਵਾਧੇ ’ਚ ਯੋਗਦਾਨ ਪਾਇਆ ਹੈ।
ਹਾਲਾਂਕਿ, ਟੈਕਸ ਮਾਲੀਆ ’ਚ ਮਜ਼ਬੂਤ ਵਾਧੇ ਦੇ ਬਾਵਜੂਦ, ਸੂਬੇ ਨੂੰ ਵਧਦੇ ਮਾਲੀਆ ਘਾਟੇ ਨਾਲ ਚੁਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਬਜਟ ਅਨੁਮਾਨ ਨੂੰ 4٪ ਤੋਂ ਪਾਰ ਕਰ ਗਿਆ ਹੈ। ਮਾਲੀਆ ਘਾਟਾ ਦਰਸਾਉਂਦਾ ਹੈ ਕਿ ਸਰਕਾਰ ਦਾ ਮਾਲੀਆ ਖਰਚ ਇਸ ਦੀ ਮਾਲੀਆ ਪ੍ਰਾਪਤੀਆਂ ਤੋਂ ਵੱਧ ਹੈ।
95,068 ਕਰੋੜ ਰੁਪਏ ਦੇ ਕੁਲ ਮਾਲੀਆ ਖ਼ਰਚੇ ’ਚੋਂ 73,258 ਕਰੋੜ ਰੁਪਏ (ਜਾਂ 77٪) ਦੀ ਵਰਤੋਂ ਤਨਖਾਹ, ਪੈਨਸ਼ਨ ਅਤੇ ਸਬਸਿਡੀ ਵਰਗੀਆਂ ਵਚਨਬੱਧ ਦੇਣਦਾਰੀਆਂ ਨੂੰ ਪੂਰਾ ਕਰਨ ਲਈ ਕੀਤੀ ਗਈ ਹੈ। ਸੂਬਾ ਸਰਕਾਰ ਪਹਿਲਾਂ ਹੀ ਪੈਨਸ਼ਨ ਭੁਗਤਾਨ ਲਈ ਅਪਣੇ ਪੂਰੇ ਸਾਲ ਦੇ ਅਲਾਟਮੈਂਟ ਦਾ 91٪ ਇਸਤੇਮਾਲ ਕਰ ਚੁਕੀ ਹੈ।
ਅਪ੍ਰੈਲ-ਜਨਵਰੀ ਦੀ ਪਹਿਲੀ ਮਿਆਦ ’ਚ ਟੈਕਸ ਮਾਲੀਆ 2023-24 ਦੇ ਬਜਟ ਅਨੁਮਾਨਾਂ ਦਾ 76.28٪ ਹੈ, ਜੋ ਸੰਕੇਤ ਦਿੰਦਾ ਹੈ ਕਿ ਇਹ 70,293 ਕਰੋੜ ਰੁਪਏ ਦੇ ਸਾਲਾਨਾ ਟੀਚੇ ਤੋਂ ਘੱਟ ਹੋ ਸਕਦਾ ਹੈ। ਇਸ ਮਿਆਦ ਦੌਰਾਨ ਗੈਰ-ਟੈਕਸ ਮਾਲੀਆ ’ਚ ਸਾਲ-ਦਰ-ਸਾਲ 12٪ ਦਾ ਵਾਧਾ ਹੋਇਆ ਹੈ, ਪਰ ਇਹ ਵਿੱਤੀ ਸਾਲ 2024 ਦੇ ਟੀਚੇ ਤੋਂ ਕਾਫ਼ੀ ਘੱਟ ਹੈ।