ਡਬਲਯੂਪੀਐਲ ਦਾ ਰੁਮਾਂਚ ਅੱਜ ਤੋ ਸ਼ੁਰੂ ਹੋਵੇਗਾ,ਮੁੰਬਈ ਤੋਂ ਫਾਈਨਲ ਦਾ ਬਦਲਾ ਲੈਣ ਉਤਰੇਗੀ ਦਿੱਲੀ ।

ਬੇਂਗਲੁਰੂ 23 ਫ਼ਰਵਰੀ 2024

ਡਬਲਯੂਪੀਐੱਲ ਦਾ ਦੂਜਾ ਐਡੀਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਵੇਗਾ। ਪੰਜ ਟੀਮਾਂ, 24 ਦਿਨਾਂ ਤੱਕ ਹੋਣ ਵਾਲੇ ਇਸ ਟੂਰਨਾਮੈਂਟ ’ਚ ਬੈਂਗਲੁਰੂ ਤੇ ਦਿੱਲੀ ’ਚ ਕੁੱਲ 22 ਮੈਚ ਖੇਡਣਗੀਆਂ। ਟੂਰਨਾਮੈਂਟ ਦਾ ਫਾਈਨਲ 17 ਮਾਰਚ ਨੂੰ ਖੇਡਿਆ ਜਾਵੇਗਾ। ਆਈਪੀਐੱਲ ਦੀ ਤਰਜ਼ ’ਤੇ ਸ਼ੁਰੂ ਹੋਈ ਇਸ ਮਹਿਲਾ ਕ੍ਰਿਕਟ ਲੀਗ ਨੂੰ ਪਿਛਲੇ ਸਾਲ ਬਹੁਤ ਸਮਰਥਨ ਮਿਲਿਆ ਸੀ ਜਦਕਿ ਭਾਰਤੀ ਮਹਿਲਾ ਕ੍ਰਿਕਟਰ ਇਸ ’ਚ ਬਹੁਤ ਖ਼ਾਸ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਨਹੀਂ ਹੋ ਸਕੀਆਂ ਸਨ।

ਦਿੱਲੀ ਕੈਪੀਟਲਜ਼ ਦੀ ਮੇਗ ਲੈਨਿੰਗ ਨੇ ਟੂਰਨਾਮੈਂਟ ’ਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ ਜਦਕਿ ਮੁੰਬਈ ਦੀ ਗੇਂਦਬਾਜ਼ੀ ਹੇਲੀ ਮੈਥਿਊਜ਼ ਨੇ ਸਭ ਤੋਂ ਵੱਧ 16 ਵਿਕਟਾਂ ਹਾਸਲ ਕੀਤੀਆਂ ਸਨ। ਇਸ ਸਾਲ ਵੀ ਟੂਰਨਾਮੈਂਟ ’ਚ ਵਿਦੇਸ਼ਾਂ ਦੀਆਂ ਸਟਾਰ ਖਿਡਾਰਨਾਂ ਹਿੱਸਾ ਲੈਣਗੀਆਂ ਜਿਨ੍ਹਾਂ ਵਿਚਾਲੇ ਭਾਰਤ ਦੀਆਂ ਨੌਜਵਾਨ ਖਿਡਾਰਨਾਂ ਆਪਣੀ ਚਮਕ ਦਿਖਾਉਣ ਦੀ ਕੋਸ਼ਿਸ਼ ਕਰਨਗੀਆਂ। ਇਸ ਸਾਲ ਜਿਨ੍ਹਾਂ ਨੌਜਵਾਨ ਭਾਰਤੀ ਖਿਡਾਰਨਾਂ ’ਤੇ ਨਜ਼ਰਾਂ ਹੋਣਗੀਆਂ ਉਨ੍ਹਾਂ ਵਿਚ ਆਰਸੀਬੀ ਦੀ ਸ਼੍ਰੇਅੰਕਾ ਪਾਟਿਲ, ਦਿੱਲੀ ਕੈਪੀਟਲਜ਼ ਦੀ ਟਿਟਾਸ ਸਾਧੂ ਤੇ ਮਿੰਨੂ ਮਣੀ ਮੁੱਖ ਹਨ। ਇਹ ਸਾਰੀਆਂ ਆਪਣੇ ਆਪ ਨੂੰ ਡਬਲਯੂਪੀਐੱਲ ’ਚ ਸਾਬਤ ਕਰਨ ਲਈ ਬੇਤਾਬ ਹੋਣਗੀਆਂ। ਇਨ੍ਹਾਂ ਨੌਜਵਾਨ ਖਿਡਾਰਨਾਂ ਤੋਂ ਇਲਾਵਾ ਭਾਰਤ ਦੀਆਂ ਤਜਰਬੇਕਾਰ ਖਿਡਾਰਨਾਂ ਦੇ ਪ੍ਰਦਰਸ਼ਨ ’ਤੇ ਵੀ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ। ਇਨ੍ਹਾਂ ’ਚ ਮੁੰਬਈ ਇੰਡੀਅਨਜ਼ ਦੀ ਕਪਤਾਨ ਹਰਮਨਪ੍ਰੀਤ ਕੌਰ ਤੇ ਆਰਸੀਬੀ ਦੀ ਕਪਤਾਨ ਸਮਿ੍ਰਤੀ ਮੰਧਾਨਾ ਮੁੱਖ ਹਨ।

ਮੁੰਬਈ ਤੋਂ ਫਾਈਨਲ ਦਾ ਬਦਲਾ ਲੈਣ ਉਤਰੇਗੀ ਦਿੱਲੀ

ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਪਿਛਲੀ ਵਾਰ ਦੀ ਉੱਪ ਜੇਤੂ ਦਿੱਲੀ ਕੈਪੀਟਲਜ਼ ਵਿਚਾਲੇ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਮੈਚ ਨਾਲ ਦੂਜੀ ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐੱਲ) ਦੀ ਸ਼ੁਰੂਆਤ ਹੋਵੇਗੀ ਜਿਸ ’ਚ ਭਾਰਤ ਦੀਆਂ ਨੌਜਵਾਨ ਖਿਡਾਰਨਾਂ ’ਤੇ ਨਜ਼ਰਾਂ ਟਿਕੀਆਂ ਹੋਣਗੀਆਂ। ਪਿਛਲੇ ਸਾਲ ਡਬਲਯੂਪੀਐੱਲ ਦਾ ਪਹਿਲਾ ਟੂਰਨਾਮੈਂਟ ਮੁੰਬਈ ’ਚ ਖੇਡਿਆ ਗਿਆ ਸੀ ਪਰ ਇਸ ਵਾਰ ਇਸ ਨੂੰ ਬੈਂਗਲੁਰੂ ਤੇ ਦਿੱਲੀ ’ਚ ਕਰਵਾਇਆ ਜਾਵੇਗਾ। ਦਿੱਲੀ ਕੈਪੀਟਲਜ਼ ਦੀ ਕਪਤਾਨ ਮੇਗ ਲੈਨਿੰਗ ਹੁਣ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੀ ਹੈ ਪਰ ਡਬਲਯੂਪੀਐੱਲ ’ਚ ਟੀਮ ਦਾ ਬਹੁਤ ਦਾਰੋਮਦਾਰ ਇਸ ਤਜਰਬੇਕਾਰ ਬੱਲੇਬਾਜ਼ ’ਤੇ ਟਿਕਿਆ ਰਹੇਗਾ। ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।