ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੂਬੇ ‘ਚ ਖੁੰਬ ਉਤਪਾਦਨ ਨੂੰ ਪ੍ਰਫੁੱਲਿਤ ਕਰਨ ਲਈ ਹਰ ਹੰਭਲਾ ਮਾਰਨ ਦੀ ਹਦਾਇਤ

ਚੰਡੀਗੜ੍ਹ, 27 ਅਕਤੂਬਰ:
ਪੰਜਾਬ ਦੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੋੜੇਮਾਜਰਾ ਨੇ ਅੱਜ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਖੁੰਬ ਉਤਪਾਦਨ ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਮਿਲ ਸਕੇ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਉਨ੍ਹਾਂ ਸੀਜ਼ਨ ਦੌਰਾਨ ਮੰਡੀਆਂ ਵਿੱਚ ਖੁੰਬਾਂ ਦੀ ਵਧੇਰੇ ਆਮਦ ਅਤੇ ਘੱਟ ਰੇਟ ਤੋਂ ਬਚਾਉਣ ਲਈ ਵਾਧੂ ਖੁੰਬਾਂ ਨੂੰ ਪ੍ਰੋਸੈਸਿੰਗ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਸੂਬੇ ਦੇ ਖੁੰਬ ਉਤਪਾਦਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਭਵਨ ਵਿਖੇ ਵੱਖ-ਵੱਖ ਅੱਠ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਖੁੰਬ ਉਤਪਾਦਨ ਖੇਤੀਬਾੜੀ ਨਾਲ ਜੁੜਿਆ ਕਿੱਤਾ ਹੈ, ਇਸ ਲਈ ਇਸ ਕਿੱਤੇ ਨੂੰ ਫ਼ੈਕਟਰੀ ਐਕਟ ਤੋਂ ਬਾਹਰ ਕੱਢਿਆ ਜਾਵੇ ਅਤੇ ਇਸ ਕਾਰਵਾਈ ਨੂੰ ਸਮਾਂਬੱਧ ਕਰਕੇ ਜਲਦੀ ਨਿਪਟਾਰਾ ਕੀਤਾ ਜਾਵੇ। ਕੈਬਨਿਟ ਮੰਤਰੀ ਨੇ ਲੇਬਰ ਵਿਭਾਗ ਤੋਂ ਡਿਪਟੀ ਡਾਇਰੈਕਟਰ ਫ਼ੈਕਟਰੀਜ਼ ਇੰਜੀਨੀਅਰ ਦਵਾਰਕਾ ਦਾਸ ਨੂੰ ਕਿਹਾ ਕਿ ਉਹ ਖੁੰਬ ਯੂਨਿਟਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਤੁਰੰਤ ਰਿਪੋਰਟ ਦੇਣ।
ਕੈਬਨਿਟ ਮੰਤਰੀ ਨੇ ਬਾਗ਼ਬਾਨੀ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਨੂੰ ਆਦੇਸ਼ ਦਿੱਤੇ ਕਿ ਵਿਭਾਗ ਵੱਲੋਂ ਕੋਲਡ ਸਟੋਰਾਂ ਲਈ ਸੋਲਰ ਪੈਨਲ ਲਾਉਣ ‘ਤੇ ਦਿੱਤੀ ਜਾਂਦੀ ਸਬਸਿਡੀ ਦੀ ਤਰਜ਼ ‘ਤੇ ਖੁੰਬ ਉਤਪਾਦਕਾਂ ਨੂੰ ਵੀ ਇਸ ਸਕੀਮ ਅਧੀਨ ਲਿਆਂਦਾ ਜਾਵੇ। ਉਨ੍ਹਾਂ ਡਾਇਰੈਕਟਰ ਬਾਗ਼ਬਾਨੀ ਨੂੰ ਤੁਰੰਤ ਅਜਿਹੀ ਸਕੀਮ ਬਣਾ ਕੇ ਪ੍ਰਵਾਨਗੀ ਲਈ ਸਰਕਾਰ ਨੂੰ ਭੇਜਣ ਲਈ ਕਿਹਾ।
ਖੁੰਬ ਉਤਪਾਦਕਾਂ ਵੱਲੋਂ ਖੁੰਬ ਯੂਨਿਟਾਂ ਨੂੰ ਰਿਆਇਤੀ ਦਰਾਂ ‘ਤੇ ਬਿਜਲੀ ਸਪਲਾਈ ਦੇਣ ਦੀ ਮੰਗ ਬਾਰੇ ਸ. ਜੌੜਾਮਾਜਰਾ ਨੇ ਬਿਜਲੀ ਵਿਭਾਗ ਦੇ ਡਿਪਟੀ ਸੀ.ਈ. ਸ੍ਰੀ ਡੀ.ਐਸ. ਤੂਰ ਡਿਪਟੀ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਵਿਉਂਤਬੰਧੀ ਕਰਕੇ ਰਿਪੋਰਟ ਪੇਸ਼ ਕਰਨ। ਡਿਪਟੀ ਸੀ.ਈ. ਨੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਇਹ ਮਾਮਲਾ ਪੀ.ਐਸ.ਟੀ.ਸੀ.ਐਲ. ਨਾਲ ਸਬੰਧਤ ਹੈ ਅਤੇ ਉਹ ਛੇਤੀ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਸਬੰਧੀ ਯੋਗ ਫ਼ੈਸਲਾ ਲੈਣ ਲਈ ਵਿਚਾਰ-ਵਟਾਂਦਰਾ ਕਰਨਗੇ।
ਬਾਗ਼ਬਾਨੀ ਮੰਤਰੀ ਨੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਲੀਗਲ ਮੈਟਰੋਲੌਜੀ ਵਿੰਗ ਦੇ ਕੰਟੋਰੋਲਰ ਸ਼੍ਰੀ ਏ.ਐਸ. ਸ਼ਰਮਾ ਨੂੰ ਹਦਾਇਤ ਕੀਤੀ ਕਿ ਕਿਉਂ ਜੋ ਖੁੰਬ ਉਤਪਾਦਨ ਖੇਤੀਬਾੜੀ ਨਾਲ ਜੁੜਿਆ ਕਿੱਤਾ ਹੈ, ਇਸ ਲਈ ਇਸ ਕਿੱਤੇ ਨੂੰ ਭਾਰਤ ਸਰਕਾਰ ਦੇ ਲੀਗਲ ਮੈਟਰੋਲੌਜੀ ਕਾਨੂੰਨ ਤੋਂ ਛੋਟ ਦੇਣ ਦੀ ਵਿਵਸਥਾ ਕੀਤੀ ਜਾਵੇ।
ਬਾਗ਼ਬਾਨੀ ਮੰਤਰੀ ਨੇ ਖੁੰਬ ਉਤਪਾਦਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਮੰਗਾਂ ਸਬੰਧੀ ਵਿਸਥਾਰਤ ਵੇਰਵਾ ਸਬੰਧਤ ਵਿਭਾਗਾਂ ਨਾਲ ਵੀ ਲਿਖਤੀ ਤੌਰ ‘ਤੇ ਸਾਂਝਾ ਕਰਨ।
ਮੀਟਿੰਗ ਵਿੱਚ ਸ਼੍ਰੀਮਤੀ ਕਨੂੰ ਥਿੰਦ, ਸੰਯੁਕਤ ਡਾਇਰੈਕਟਰ ਇੰਡਸਟ੍ਰੀਜ਼, ਸ੍ਰੀ ਵਿਸ਼ਵ ਬੰਧੂ ਸੰਯੁਕਤ ਡਾਇਰੈਕਟਰ, ਸ਼੍ਰੀਮਤੀ ਪੂਨਮ ਆਰ.ਜੋਸ਼ੀ ਵਧੀਕ ਐਲ.ਆਰ. ਅਤੇ ਹੋਰ ਅਧਿਕਾਰੀ ਹਾਜ਼ਰ ਸਨ।