ਗੁਜਰਾਤ ਵਿੱਚ ਪੁੱਲ ਟੁੱਟਣ ਨਾਲ 134 ਵਿਅਕਤੀਆਂ ਦੀ ਮੌਤ – ਸਾਂਭ-ਸੰਭਾਲ ਕਰਨ ਵਾਲੀ ਕੰਪਨੀ ਖ਼ਿਲਾਫ਼ ਕੇਸ ਦਰਜ਼ – ਪੜ੍ਹੋ ਕੀ ਕਾਰਨ ਬਣਿਆ 400 ਤੋਂ ਵਧੇਰੇ ਲੋਕਾਂ ਦਾ ਨਦੀ ਵਿੱਚ ਡਿੱਗਣ ਦਾ
ਵੀਡੀਓ ਵਿੱਚ ਵੇਖੋ ਪੁੱਲ ਕਿਵੇਂ ਟੁੱਟਾ
मोरबी में झूलता पुल पर 30/10/2022 को घटित घटना में मृतक हुए लोगों को श्रद्धांजलि 😭🙏 #MorbiBridgeCollapse #MorbiCableBridge pic.twitter.com/7zcBAo1O9A
— Atul Tiwari (@Atultiwari321) October 31, 2022
ਨਿਊਜ਼ ਪੰਜਾਬ
ਅਹਿਮਦਾਬਾਦ, 30 ਅਕਤੂਬਰ – ਗੁਜਰਾਤ ਦੇ ਮੋਰਬੀ ਵਿੱਚ ਮੱਛੂ ਨਦੀ ’ਤੇ ਬਣਿਆ ਤਾਰਾਂ ਵਾਲਾ ਪੁਲ ਡਿੱਗਣ ਕਰਕੇ ਘੱਟੋ-ਘੱਟ 134 ਵਿਅਕਤੀਆਂ ਦੀ ਮੌਤ ਹੋ ਗਈ ਹੈ । ਹਾਲਾਂਕਿ ਅਧਿਕਾਰੀਆਂ ਨੇ 132 ਮੌਤਾਂ ਦੀ ਪੁਸ਼ਟੀ ਕੀਤੀ ਹੈ ਪ੍ਰੰਤੂ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਅਸਾਰ ਹਨ। ਕਿਉਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਦੱਸੇ ਜਾਂਦੇ ਹਨ।
ਐੱਨਡੀਆਰਐੱਫ ਦੀਆਂ ਤਿੰਨ ਟੀਮਾਂ ਸਣੇ ਰਾਹਤ ਤੇ ਬਚਾਅ ਕਾਰਜਾਂ ਲਈ ਐਂਬੂਲੈਂਸਾਂ ਮੌਕੇ ’ਤੇ ਪੁੱਜ ਗਈਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਿੱਤਰੀ ਰਾਜ ਵਿੱਚ ਵਾਪਰੇ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਾਦਸੇ ’ਤੇ ਦੁੱਖ ਜਤਾਇਆ ਹੈ। ਪ੍ਰਧਾਨ ਮੰਤਰੀ ਨੇ ਪੀਐੱਮ ਰਾਹਤ ਫੰਡ ਵਿਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਧਰ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਵਾਰਿਸਾਂ ਲਈ 4-4 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਮੋਰਬੀ ‘ਚ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਨਵੰਬਰ ਨੂੰ ਮੋਰਬੀ ਦਾ ਦੌਰਾ ਕਰਨਗੇ।
ਪੈਦਲ ਚੱਲਣ ਵਾਲਿਆਂ ਲਈ ਬਣਿਆ ਪੁਲ ਐਤਵਾਰ ਰਾਤ ਨੂੰ ਢਹਿ ਗਿਆ। ਕੁਝ ਦਿਨ ਪਹਿਲਾਂ ਇਸ ਦੀ ਮੁਰੰਮਤ ਕੀਤੀ ਗਈ ਸੀ। ਇਹ ਪੁਲ ਆਮ ਲੋਕਾਂ ਲਈ ਖੋਲ੍ਹੇ ਜਾਣ ਦੇ 5 ਦਿਨਾਂ ਬਾਅਦ ਹੀ ਟੁੱਟ ਗਿਆ। ਪੁਲ ‘ਤੇ ਮੌਜੂਦ ਕਰੀਬ 500 ਲੋਕ ਨਦੀ ‘ਚ ਡਿੱਗ ਗਏ। ਇਨ੍ਹਾਂ ਵਿੱਚੋਂ ਹੁਣ ਤੱਕ 134 ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਔਰਤਾਂ ਅਤੇ 30 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਪੁਲ ਦੇ ਕੇਬਲ-ਨੈੱਟ ਨੂੰ ਫੜ੍ਹਨ ਵਾਲੇ 200 ਲੋਕਾਂ ਦਾ ਬਚਾਅ ਹੋ ਗਿਆ।
ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਕਿਹਾ ਕਿ ਜਲ ਸੈਨਾ, ਐਨਡੀਆਰਐਫ, ਹਵਾਈ ਸੈਨਾ ਅਤੇ ਸੈਨਾ ਦੇ ਜਵਾਨ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਕਰੀਬ 200 ਲੋਕਾਂ ਦੀ ਟੀਮ ਨੇ ਸਾਰੀ ਰਾਤ ਕੰਮ ਕੀਤਾ। ਇਸ ਮਾਮਲੇ ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਨਾਲ ਹੀ ਆਈਜੀਪੀ ਰੇਂਜ ਦੀ ਅਗਵਾਈ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 132 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਮੋਰਬੀ ਪੁਲ ਹਾਦਸੇ ਦੇ ਮਾਮਲੇ ਵਿੱਚ ਕੇਬਲ ਪੁਲ ਦੀ ਸਾਂਭ-ਸੰਭਾਲ ਕਰਨ ਵਾਲੀ ਕੰਪਨੀ ਖ਼ਿਲਾਫ਼ ਆਈਪੀਸੀ ਦੀ ਧਾਰਾ 304, 308 ਅਤੇ 114 ਤਹਿਤ ਕੇਸ ਦਰਜ ਕੀਤਾ ਗਿਆ ਹੈ, ਕੰਪਨੀ ਦੇ 9 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਰਾਜਕੋਟ ਤੋਂ ਭਾਜਪਾ ਸੰਸਦ ਮੋਹਨ ਭਾਈ ਕੁੰਡਾਰੀਆ ਦੇ ਪਰਿਵਾਰਕ ਮੈਂਬਰ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹਨ। ਇਸ ਦਰਦਨਾਕ ਹਾਦਸੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ 12 ਮੈਂਬਰਾਂ ਦੀ ਜਾਨ ਚਲੀ ਗਈ।ਬੀਜੇਪੀ ਸਾਂਸਦ ਨੇ ਕਿਹਾ ਹੈ ਕਿ ਹਾਦਸੇ ਵਿੱਚ ਮੇਰੀ ਭੈਣ ਦੇ ਪਰਿਵਾਰ ਦੇ 12 ਲੋਕਾਂ ਦੀ ਮੌਤ ਹੋ ਗਈ ਹੈ। “ਅਸੀਂ ਚਾਰ ਧੀਆਂ, ਤਿੰਨ ਜਵਾਈ ਅਤੇ ਮੇਰੀ ਭੈਣ ਦੇ ਜੀਜਾ ਦੇ ਪੰਜ ਬੱਚੇ ਗੁਆ ਚੁੱਕੇ ਹਾਂ। ਉਨ੍ਹਾਂ ਕਿਹਾ, ਇਹ ਘਟਨਾ ਬਹੁਤ ਦੁਖਦਾਈ ਹੈ, ਜੋ ਵੀ ਇਸ ਹਾਦਸੇ ਦਾ ਦੋਸ਼ੀ ਹੈ, ਉਸ ਨੂੰ ਛੱਡਿਆ ਨਹੀਂ ਜਾਵੇਗਾ।
ਤਸਵੀਰਾਂ – ਸ਼ੋਸ਼ਲ ਮੀਡੀਆ / ਟਵੀਟਰ