ਕਰੋਨਾ ਜਾਂ ਕਾਦਰ ਦਾ ਕਹਿਰ —- ਸ੍ਰ. ਹਰਜੀਤ ਸਿੰਘ ਗਰੇਵਾਲ ਦਾ ਮਹਾਂਮਾਰੀ ਬਾਰੇ ਵਿਸ਼ੇਸ਼ ਲੇਖ

ਕਮਿਊਨਿਸਟ ਦੇਸ਼ ਦਾ ਸਾਹ ਸੂਤ ਕੇ ਤੁਰਿਆ ਕਰੋਨਾ ਵੈਟੀਕਨ ਦੀ ਸਰਜ਼ਮੀ ਸਮੇਤ ਆਲਮੀ ਬਾਦਸ਼ਾਹਤ ਵਾਲੇ ਖਾਹਸ਼ੀ ਦੇ ਯੂਰਪੀ ਦੇਸ਼ ਨੂੰ ਮਧੋਲਦਾ ਹੋਇਆ ਅਣਆਈਆਂ ਮੌਤਾਂ ਨਾਲ ਦੁਨੀਆਂ ਦੀ ਸੁਪਰ ਪਾਵਰ ਨੂੰ ਘੁੰਮਣਘੇਰੀ ਵਿਚ ਪਾ ਰਿਹੈ। ਆਲਮੀ ਸਫਰ ਦੌਰਾਨ ਇਸ ਕਰੋਨੇ ਨੇ ਮੱਕੇ ਵਾਲੇ ਦੇਸ਼ ਵੀ ਨਹੀਂ ਬਖਸ਼ੇ ਅਤੇ ਆਣ ਕੇ ‘ਮਹਾਂਭਾਰਤ’ ਵਾਲੀ ਧਰਤੀ ਉਤੇ ਹੱਲਾ ਬੋਲ ਦਿੱਤਾ ਜਿੱਥੇ ਇਸ ਲਾਇਲਾਜ਼ ਵਾਇਰਸ ਦਾ ਝਾੜ-ਫੂਕ ‘ਗੌ-ਮੂਤ’ ਨਾਲ ਕਰਨ ਬਾਰੇ ‘ਨੇਕ’ ਨੁਸਖੇ ਦੇ ਪ੍ਰਵਚਨ ਹੋ ਰਹੇ ਨੇ।
ਲੋਹੜੇ ਦੀ ਗੱਲ ਹੈ ਕਿ ਪਰਮਾਣੂ ਤੇ ਰਸਾਇਣਕ ਬੰਬ, ਮਾਰੂ ਹਥਿਆਰ ਤੇ ਅਸਮਾਨ ਟੋਹੀ ਮਿਜਾਈਲਾਂ ਬਣਾਉਣ ਵਾਲਾ 3ਡੀ-5ਜੀ ਯੁੱਗ ਦਾ ਤੇਜ਼ ਦਿਮਾਗ ਮਸ਼ੀਨੀ ਇਨਸਾਨ ਅਤੇ ਵਿਸ਼ਵ ਦੀਆਂ ਐਟਮੀ ਸ਼ਕਤੀਆਂ ਅੱਜ ਇਕ ਅਦਿੱਖ ਤੇ ਸੂਖਮ ਜਿਹੇ ਵਾਇਰਸ ਅੱਗੇ ਲਾਚਾਰ ਹੋ ਕੇ ਗੋਡੇ ਟੇਕ ਗਈਆਂ।
ਕੁਦਰਤ ਦੀ ਇਸ ‘ਕਰੋਨਾ’ ਕਰੋਪੀ ਨੇ ਆਪਣੇ-ਆਪ ਨੂੰ ਖੱਬੀ-ਖਾਨ ਸਮਝਣ ਵਾਲੀਆਂ ਤਾਕਤਾਂ ਅਤੇ ਖੁਦ ਨੂੰ ਖੁਦਾ ਸਮਝਣ ਵਾਲੀਆਂ ਵੱਡੀਆਂ ‘ਸ਼ਕਤੀਆਂ’ ਤੇ ਤੀਸਮਾਰ-ਖਾਨਾਂ ਨੂੰ ‘ਆਪੇ ਫਾਥੜੀਏ ਤੈਨੂੰ ਕੋਣ ਛੁਡਾਵੇ’ ਵਾਂਗ ਸਵੈ-ਸਿਰਜੀ ‘ਕੈਦ ਹੰਢਾਉਣ’ ਲਈ ਮਜਬੂਰ ਕਰ ਦਿੱਤੈ।
ਸੋਚਣ, ਸਮਝਣ ਅਤੇ ਵਿਚਾਰਨ ਵਾਲੀ ਗੁੱਝੀ ਰਮਜ਼ ਇਹ ਹੈ ਕਿ ਇਸ ਕਰੋਨੇ ਨੇ ਦੇਸ਼ਾਂ-ਵਿਦੇਸ਼ਾਂ ਅੰਦਰ ‘ਆਦਮ ਤੋਂ ਦਾਨਵ’ ਬਣਕੇ ਨਿੱਤ ਨਵੇਂ ਸਰੀਰਕ ਤੇ ਮਾਨਸਿਕ ਅਪਰਾਧਾਂ ਵਿੱਚ ਗੜੁੱਚ ਇਸ ਗੁਨਾਹਗਾਰ ਕਲਜੁਗੀ ਮਨੁੱਖ ਨੂੰ ਉਸ ਦੀ ਨਿੱਜੀ ਲਲਕ, ਹੋਂਦ ਅਤੇ ਹੋਣੀ ਦਾ ਕੜਵਾ ਅਹਿਸਾਸ ਵੀ ਕਰਵਾ ਦਿੱਤੈ।
ਨਾਲ ਹੀ ਸਦੀਆਂ ਤੋਂ ਕਾਦਰ ਦੀ ਸਾਜੀ-ਨਿਵਾਜੀ ਇਸ ਅਦੁੱਤੀ, ਬੇਅੰਤ, ਵੰਨ-ਸੁਵੰਨੀ, ਬਹੁਰੰਗੀ, ਕੁਦਰਤੀ, ਖੂਬਸੂਰਤ ਸਿ੍ਰਸ਼ਟੀ ਦੀ ਗੋਦ ਦਾ ਨਿੱਘ ਮਾਨਣ ਦੀ ਥਾਂ ‘ਬਲਿਹਾਰੀ ਕੁਦਰਤਿ ਵਸਿਆ’ ਵਿੱਚ ਖਲਲ ਪਾਉਣ, ਗੰਧਲਾ ਕਰਨ, ਪਲੀਤ ਕਰਨ ਅਤੇ ਉਲਟੀ ਚਾਲ ਚੱਲਣ ਤੋਂ ਹਾਲ ਦੀ ਘੜੀ ਠੋਕ ਕੇ ਰੋਕ ਦਿੱਤਾ ਹੈ ਅਤੇ ਭਵਿੱਖ ਪ੍ਰਤੀ ਸੋਚਣ ਲਈ ਮਜਬੂਰ ਕਰ ਦਿੱਤੈ। ਸਾਲ 2008 ਦੀਆਂ ਉਲੰਪਿਕ ਖੇਡਾਂ ਵੇਲੇ ਕੁਦਰਤੀ ਵਰਤਾਰੇ ਮੁਤਾਬਿਕ ਮੀਂਹ ਪੈਣ ਤੋਂ ਰੋਕਣ ਲਈ ਰਾਕਟਾਂ ਸਹਾਰੇ ਮੀਂਹ ਨੂੰ ਟਾਲਣ ਵਾਲੇ ਅਤੇ ਰਾਤ ਨੂੰ ਸ਼ਹਿਰ ਉਪਰ ਰੌਸ਼ਨੀ ਲਈ ‘ਨਵਾਂ ਬਣਾਉਟੀ ਚੰਨ’ ਚੜਾਉਣ ਵਾਲੇ ਮੁਲਕ ਵੀ ਕੁਦਰਤ ਦੇ ਕਰੋਨਾਮਈ ਕਹਿਰ ਅੱਗੇ ਢਹਿ-ਢੇਰੀ ਹੋ ਗਏ। ਇੱਥੋਂ ਤੱਕ ਕਿ ਕੁਦਰਤ ਦੀ ਕਿਰਤ ‘ਮਨੁੱਖ’ ਦੇ ਬਦਲ ਵਜੋਂ ਮਨਸੂਈ ਗਿਆਨ (ਆਰਟੀਫ਼ੀਸ਼ੀਅਲ ਇੰਟੈਲੀਜੈਂਸ) ਰਾਹੀਂ ਦੁਨੀਆਂ ਨੂੰ ‘ਮਾਨਵੀ ਰੋਬੋਟ’ ਦੇਣ ਵਾਲੀ ਸੁਪਰ ਪਾਵਰ ਤ੍ਰਾਹ-ਤ੍ਰਾਹ ਕਰ ਉਠੀ।
ਦੰਭੀ ਜੀਵਨ, ਪਾਖੰਡ ਤੇ ਵਿਖਾਵੇ ਦੀ ਚੌਧਰ, ਮਾਨਵੀ ਕਦਰਾਂ-ਕੀਮਤਾਂ ਤੋਂ ਕੋਹਾਂ ਦੂਰ ਪਦਾਰਥਵਾਦੀ ਯੁੱਗ ਦੇ ਇਸ ਕਲਯੁਗੀ ਮਨੁੱਖ ਨੇ ਮਾਸ, ਜਾਨਵਰ ਖਾਣ, ਚੋਰੀਆਂ, ਚਕਾਰੀਆਂ, ਮੱਕਾਰੀਆਂ, ਲੁੱਟਾਂ-ਖੋਹਾਂ, ਝੂਠ, ਦੁਸ਼ਮਣੀਆਂ ਦੀਆਂ ਸਾਰੀਆਂ ਲਛਮਣ ਰੇਖਾਵਾਂ ਉਲੰਘ ਕੇ ਦਯਾ, ਕਿਰਤ ਕਮਾਈ, ਕਰਮ-ਧਰਮ, ਸਾਦਗੀ-ਸੁਹਜ-ਸੰਜਮ ਪੱਲੇ ਬੰਨਣ ਦੀ ਥਾਂ ਠੱਗੀ-ਠੋਰੀ, ਲੋਭ-ਲਾਲਚ-ਲਾਲਸਾ ਨੂੰ ਹੀ ਨਿੱਤਨੇਮ ਬਣਾ ਲਿਐ। ‘ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ’ ਉਪਰ ਰਹਿਮੋ-ਕਰਮ ਦੀ ਥਾਂ ਕੰਕਰੀਟ ਦੇ ਜੰਗਲਾਂ ਵਿਚਲੇ ਅਜੋਕੇ  ਬੌਣੇ ਮਨੁੱਖ ਨੇ ਮਾਤ-ਗਰਭ ਤੋਂ ਕਬਰ ਤੱਕ ਇਨਸਾਨੀਅਤ ਦਾ ਜਨਾਜਾ ਕੱਢ ਰੱਖਿਐ।
‘ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ’ ਅਨਸਾਰ ਜਲ-ਥਲ, ਆਕਾਸ-ਪਤਾਲ, ਨਦੀਆਂ-ਨਾਲਿਆਂ, ਪਹਾੜਾਂ-ਵਾਦੀਆਂ, ਜੰਗਲਾਂ-ਜੂਹਾਂ ਤੇ ਚੌਗਿਰਦੇ ਵਿੱਚ ਪਲਦੇ ਕੁਦਰਤ ਦੇ ਬੇਜ਼ੁਬਾਨ ਪੰਛੀ-ਪੰਖੇਰੂਆਂ, ਜੀਵ-ਜੰਤੂਆਂ ਦਾ ਇਸ ਮਾਸਾਹਾਰੀ ਮਨੁੱਖ ਨੇ ਹਵਾਈ ਜਹਾਜਾਂ, ਸਮੁੰਦਰੀ ਜਹਾਜਾਂ, ਗੱਡੀਆਂ, ਅਤਿਆਧੁਨਿਕ ਉਪਕਰਨਾ, ਅੱਗਾਂ-ਧੂੰਆਂ, ਗਰਦਾ-ਗੁਬਾਰ, ਭੀੜ-ਭੜੱਕੇ, ਸੋਰ-ਸ਼ਰਾਬੇ, ਐਟਮੀ ਵਿਕਰਨਾਂ ਤੇ ਮਾਰੂ ਕਿਰਣਾਂ ਰਾਹੀਂ ਸਰਵਨਾਸ਼ ਕਰਨਾ ਸ਼ੁਰੂ ਕਰ ਦਿੱਤੈ। ਆਖਰਕਾਰ, ਵਣ-ਕੰਡਿਆਂ, ਥਲ-ਡੂਗਰ, ਖੰਡਾਂ-ਬ੍ਰਹਿਮੰਡਾਂ ਵਿੱਚ ਵਿਚਰਦੀ ਕਾਦਰ ਦੀ ਸੁੱਚੀ ਸਿਰਜਣਾ ਅਤੇ ਸਿਰਜਣਹਾਰੇ ਦੀ ਹੁਸੀਨ ਘਾੜਤ ਵਾਲੀ ਇਸ ਲਟਬੌਰੀ ਕੁਦਰਤ ਦੀ ਮਾਨਵ ਹੱਥੋਂ ਹੋ ਰਹੀ ਰੇਗਿਸਤਾਨੀ-ਮਾਰੂਥਲੀ ਤਬਦੀਲੀ ਦੇ ਯਤਨਾਂ ਦਾ ਅੰਤ ਵੀ ਤਾਂ ਕਾਦਰ ਵੱਲੋਂ ਕਿਸੇ ਦਿਨ ਹੋਣਾ ਸੀ।
ਜਾਪਦੈ, ਆਤਮਾ-ਪਰਮਾਤਮਾ ਦੀ ਅਜਲੀ ਪ੍ਰੀਤ ਤੋਂ ਫਾਡੀ ਹੋ ਚੁੱਕੇ ਮਾਤ ਲੋਕ ਲਈ ਸਿਰਜੇ ਮਾਨਵ ਵੱਲੋਂ ਹੀ ਆਪਣੇ ਕਾਦਰ ਦੀ ਸੂਖਮ ਸਿਰਜਣਾ ਨਾਲ ਲਏ ਗਏ ‘ਪੁੱਠੇ-ਪੰਗਿਆਂ’ ਦਾ ਅੰਤ ਅੱਜ ਕਰੋਨੇ ਦੀ ਦਹਿਸ਼ਤ ਭਰੀ ਕਰੋਪੀ ਨਾਲ ਸਭ ਦੇ ਸਾਹਮਣੇ ਐ। ਪਰ ਦੇਖਣ ਵਿੱਚ ਹਾਲੇ ਵੀ ਕੁਦਰਤ ਦਾ ਇਹ ਸੰਜਮੀ ਕਹਿਰ ਹੈ। ਸਭ ਲਈ ਸੋਚਣ-ਸਮਝਣ ਤੇ ਅੰਤਰੀਵ ਆਤਮਾ-ਭਾਵਨਾ ਨੂੰ ਟਟੋਲਣ ਦਾ ਵੇਲਾ ਹੈ।
ਕੁਦਰਤ ਦੀ ਇਸ ਸੰਜਮੀ ਕਰੋਪੀ ਦੀ ਇਹ ਝਲਕ ਕਾਦਰ ਦੇ ਕਿਸੇ ਵੱਡੇ ਭਵਿੱਖੀ ਕਹਿਰ ਵੱਲ ਮਾਤਰ ਇਸ਼ਾਰਾ ਵੀ ਹੋ ਸਕਦੈ। ਸਹਿਜਤਾ, ਸੰਜਮ, ਸਰਲਤਾ, ਸੱਚਾਈ ਅਤੇ ਸਾਦਗੀ ਨਾਲ ਹੁਣ ਭਵਿੱਖ ਵਿੱਚ ਸਮਝਦਾਰੀ ਦਾ ਪੱਲਾ ਫੜਨਾ ਇਸ ‘ਦਿਮਾਗੀ’ ਮਾਨਵ ਦੇ ਹੱਥ-ਵੱਸ ਹੈ ਕਿ ਇਨਸਾਨੀ ਜੀਵਨ ਲਈ ਰੇਗਿਸਤਾਨ, ਬੀਆਬਾਨ ਦੀ ਲੋੜ ਹੈ ਜਾਂ ਸਰਵ ਸੰਪੰਨ ਨਖਲਿਸਤਾਨ ਦੀ, ਕਿਉਂਕਿ ਕੁਦਰਤ ਐਡੀ ਵੱਡੀ ਤਾਕਤਵਰ ਹੈ ਕਿ ‘ਨਦੀਆ ਵਿਚਿ ਟਿਬੇ ਦੇਖਾਲੇ, ਥਲੀ ਕਰੇ ਅਸਗਾਹ॥ ਕੀੜਾ ਥਾਪਿ ਦੇਇ ਪਾਤਿਸਾਹੀ, ਲਸਕਰ ਕਰੇ ਸੁਆਹ॥’
‘ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ’ ਅਨੁਸਾਰ ਜਿੱਥੇ ਇਸ ਕੁਦਰਤੀ ਕਰੋਪੀ ਨੇ ਆਮ ਲੋਕਾਂ ਨੂੰ ਦੁੱਖ ਦਿੱਤੇ ਨੇ ਉਥੇ ਪੂਰੀ ਲੋਕਾਈ ਨੂੰ ਕੁਦਰਤੀ ਮਾਹੌਲ ਵਿੱਚ ਵਸਣ, ਸੁਚੱਜਾ ਸਮਾਜੀ ਵਰਤਾਓ ਕਰਨ, ਬਲਿਹਾਰੀ ਕੁਦਰਤਿ ਨੂੰ ਮਾਨਣ, ਪੰਜੇ ਵਿਕਾਰਾਂ ਤੋਂ ਪਿੱਛਾ ਛੁਡਾਕੇ ‘ਅਸਲੀ ਬੰਦੇ’ ਬਣਨ ਦੀ ਸੰਕੇਤਕ ਚਿਤਾਵਨੀ ਵੀ ਹੈ। ਇਸ ਕਰੋਪੀ ਕਾਰਨ ਸਵੈ-ਬੰਦੀ ਝੱਲ ਰਹੇ ਬੰਦੇ ਨੂੰ ਸ਼ਾਇਦ ਹੁਣ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਕਾਦਰ ਨੇ ਲੋਕਾਈ ਨੂੰ ਸਾਦਗੀ ਵਿੱਚ ਰਹਿਕੇ ਪਰਿਵਾਰ ਨਾਲ ਸਮਾਂ ਬਿਤਾਉਣ, ‘ਕਿਰਤ ਬਿਰਤ ਕਰ ਧਰਮ ਕੀ’ ਤਹਿਤ ਨੌਕਰਾਂ-ਟਹਿਲਦਾਰਾਂ ਦੀ ਥਾਂ ਹੱਥੀਂ ਭੋਜਨ ਤਿਆਰ ਕਰਨ, ਸ਼ਰਾਬ-ਨਸ਼ਿਆਂ ਅਤੇ ਡੱਬਾ ਬੰਦ ਖਾਦ ਪਦਾਰਥਾਂ ਬਿਨਾ ਗੁਜ਼ਾਰਾ ਹੋਣ, ਕਾਰਾਂ-ਜਹਾਜਾਂ ਬਿਨਾਂ ਕੁੱਝ ਸਮੇਂ ਲਈ ਜਿੰਦਗੀ ਨੂੰ ਸਹਿਜ-ਠਹਿਰਾਓ ਦੇਣ, ‘ਜੀਓ ਤੇ ਜਿਉਣ ਦਿਓ’ ਮੁਤਾਬਿਕ ਕਾਇਨਾਤ ਨਾਲ ਸਹਿ-ਜੀਵਨ ਜਿਉਣ, ਧਨ-ਦੌਲਤ ਤੇ ਕੁਦਰਤੀ ਸਰੋਤਾਂ ਦੀ ਸੰਜਮੀ ਵਰਤੋਂ ਕਰਨ ਦਾ ਵੱਲ ਸਿਖਾ ਦਿੱਤੈ।     ———————

76588-0000