ਪੰਜਾਬ ਤੇ ਚੰਡੀਗੜ੍ਹ’ਚ ਵੇਰਕਾ ਨੇ ਵਧਾ ਦਿੱਤੀਆਂ ਦੁੱਧ ਦੀਆਂ ਕੀਮਤਾਂ, ਭਲਕੇ ਤੋਂ ਲਾਗੂ ਹੋਣਗੇ ਨਵੇਂ ਰੇਟ
ਨਿਊਜ਼ ਪੰਜਾਬ
29 ਅਪ੍ਰੈਲ 2025
ਪੰਜਾਬ ਸਮੇਤ ਚੰਡੀਗੜ੍ਹ ਵਿੱਚ ਵੇਰਕਾ ਵੱਲੋਂ ਭਲਕੇ 30 ਅਪਰੈਲ ਤੋਂ ਦੁੱਧ ਦੀਆਂ ਕੀਮਤਾਂ ਮਹਿੰਗੀਆਂ ਕੀਤੀਆਂ ਗਈਆਂ ਹਨ। ਪੰਜਾਬ ਦੇ ਮਿਲਕਫੈਡ ਦੇ ਅਦਾਰੇ ਵੇਰਕਾ ਨੇ ਆਪਣੇ ਖ਼ਪਤਕਾਰਾਂ ਨੂੰ ਤਕੜਾ ਝਟਕਾ ਦਿੰਦਿਆਂ ਦੁੱਧ ਦੀਆਂ ਕੀਮਤਾਂ ਨੂੰ ਵਿਚ ਪ੍ਰਤੀ ਲਿਟਰ 2 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ ਉਤਰੀ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਪੇਂਡੂ ਖੇਤਰ ਵਿੱਚ ਦੁੱਧ ਦੀ ਥੁੜ੍ਹ ਪੈਦਾ ਹੋਣ ਲੱਗੀ ਹੈ।
ਵੇਰਕਾ ਦੇ ਮਾਨਸਾ ਸਥਿਤ ਵਿਕਰੇਤਾ ਡੀਲਰ ਸ਼ਿਵ ਕੁਮਾਰ ਨੇ ਦੱਸਿਆ ਕਿ ਹੁਣ ਨਵੀਆਂ ਕੀਮਤਾਂ ਤਹਿਤ ਦੁੱਧ ਪ੍ਰਤੀ ਲਿਟਰ ਫੁੱਲ ਕਰੀਮ 69 ਰੁਪਏ, 500 ਐਮਐਲ 35 ਰੁਪਏ, ਲਿਟਰ ਸਟੈਂਡਡ ਮਿਲਕ ਦਾ ਨਵਾਂ ਮੁੱਲ 63 ਰੁਪਏ ਲਿਟਰ, ਅੱਧਾ ਲਿਟਰ ਸਟੈਂਡਡ ਮਿਲਕ 32 ਰੁਪਏ ਲਾਗੂ ਕਰ ਦਿੱਤਾ ਗਿਆ ਹੈ।ਇਸੇ ਤਰ੍ਹਾਂ ਵੇਰਕਾ ਦੇ ਡਬਲ ਟਾਊਨ ਮਿਲਕ 500 ਐਮਐਲ ਦਾ ਰੇਟ ਹੁਣ 26 ਰੁਪਏ ਹੋ ਗਿਆ ਹੈ।
ਉਧਰ ਵੇਰਕਾ ਦੇ ਬਰਾਬਰ ਦੁੱਧ ਵੇਚਣ ਵਾਲੀਆਂ ਕੰਪਨੀਆਂ ਅਮੂਲ ਅਤੇ ਮਦਰ ਡੇਅਰੀ ਵੱਲੋਂ ਅਜੇ ਤੱਕ ਦੁੱਧ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ ਹਨ। ਜਾਪਦਾ ਹੈ ਕਿ ਇਨ੍ਹਾਂ ਵੱਲੋਂ ਇੱਕ-ਦੋ ਦਿਨਾਂ ਤੱਕ ਕੀਮਤਾਂ ਵਿਚ ਇਜ਼ਾਫ਼ਾ ਕੀਤਾ ਜਾ ਸਕਦਾ ਹੈ।