ਪਦਮ ਸ੍ਰੀ ਭਾਈ ਨਿਰਮਲ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੌਤ
ਅੰਮ੍ਰਿਤਸਰ, 2 ਅਪ੍ਰੈਲ ( ਨਿਊਜ਼ ਪੰਜਾਬ ) – ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਅੱਜ ਤੜਕੇ 4:30 ਵਜੇ ਅਕਾਲ ਚਲਾਣਾ ਕਰ ਗਏ। ਬੀਤੇ ਦਿਨੀਂ ਉਨ੍ਹਾਂ ਦੀ ਕੋਰੋਨਾਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਅਤੇ ਉਹ ਵੈਂਟੀਲੇਟਰ ‘ਤੇ ਸਨ। ਭਾਈ ਨਿਰਮਲ ਸਿੰਘ ਨੂੰ ਬੁੱਧਵਾਰ ਨੂੰ ਅਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲਿਆਂਦਾ ਗਿਆ ਸੀ ,ਉਨ੍ਹਾਂ ਨੂੰ 30 ਮਾਰਚ ਨੂੰ ਗੁਰੂ ਰਾਮ ਦਾਸ ਹਸਪਤਾਲ ਵਿੱਚ ਸਿਹਤ ਢਿਲੀ ਹੋਣ ਤੇ ਦਾਖਲ ਕਰਵਾਇਆ ਗਿਆ ਸੀ | ਜਿੱਥੇ ਉਨ੍ਹਾਂ ਦਾ ਕੋਰੋਨਾ ਵਾਇਰਸ ( COVID – 19 ) ਦਾ ਟੈਸਟ ਪੋਜ਼ੀਟਿਵ ਆਇਆ ਸੀ , ਅੱਜ ਤੜਕਸਾਰ ਉਨ੍ਹਾਂ ਨੂੰ ਹੋਇਆ ਹਾਰਟ ਅਟੈਕ ਜਾਨ ਲੇਵਾ ਸਾਬਤ ਹੋਇਆ | ਉਨ੍ਹਾਂ ਦੇ ਅਕਾਲ ਚਲਾਣੇ ਖਬਰ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕਰਨਬੀਰ ਸਿੰਘ ਨੇ ਆਪਣੇ ਟਵੀਟ ਵਿੱਚ ਕੀਤੀ ਹੈ | ਅਮ੍ਰਿਤਸਰ ਦੀ ਸਿਵਲ ਸਰਜਨ ਡਾਕਟਰ ਪ੍ਰਭਦੀਪ ਕੌਰ ਜੋਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ 3 ਮਾਰਚ ਨੂੰ ਭਾਈ ਸਾਹਿਬ ਨੇ ਸੂਚਨਾ ਦਿਤੀ ਸੀ ਕਿ ਉਨ੍ਹਾਂ ਦੇ ਰਿਸਤੇਦਾਰ ਅਮਰੀਕਾ ਤੋਂ ਆਏ ਹਨ ਤਾਂ ਸਿਹਤ ਵਿਭਾਗ ਦੀ ਇੱਕ ਟੀਮ ਉਨ੍ਹਾਂ ਦੇ ਘਰ ਗਈ ਸੀ ਜਿਸ ਨੇ ਲੋੜੀਂਦੀ ਕਾਰਵਾਈ ਕਰ ਕੇ ਘਰ ਵਿਚਲੇ ਮੈਂਬਰਾਂ ਨੂੰ 14 ਦਿਨ ਲਾਇ ਇਕਾਂਤਵਾਸ ਵਿੱਚ ਰਹਿਣ ਲਾਇ ਕਿਹਾ ਸੀ | ਸਮਾਂ ਪੂਰਾ ਹੋਣ ਤੋਂ ਬਾਅਦ 19 ਮਾਰਚ ਨੂੰ ਭਾਈ ਸਾਹਿਬ ਚੰਡੀਗੜ੍ਹ ਵਿਖੇ ਇੱਕ ਕੀਰਤਨ ਸਮਾਗਮ ਵਿੱਚ ਸ਼ਾਮਲ ਹੋਏ ਸਨ ਜਿੱਥੇ 100 ਦੇ ਕਰੀਬ ਸੰਗਤ ਦਾ ਇਕੱਠ ਸੀ | ਉਥੋਂ ਵਾਪਸ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਆਪਣੀ ਤਬੀਅਤ ਢਿਲੀ ਹੋਣੀ ਮਹਿਸੂਸ ਹੋਈ | ਹੋ ਸਕਦਾ ਕਿ ਵਾਇਰਸ ਦੀ ਲਪੇਟ ਵਿੱਚ ਉਹ ਚੰਡੀਗੜ੍ਹ ਤੋਂ ਹੀ ਆਏ ਹੋਣ | ਸਿਹਤ ਵਿਭਾਗ ਸਾਰੀ ਸਥਿਤੀ ਦੀ ਜਾਂਚ ਕਰ ਰਿਹਾ ਹੈ | ਭਾਈ ਨਿਰਮਲ ਸਿੰਘ ਦੇ ਇੱਕ ਬੇਟੇ , ਦੋ ਧੀਆਂ ,ਚਾਚਾ -ਚਾਚੀ ,ਡ੍ਰਾਈਵਰ ਅਤੇ ਇੱਕ ਸੇਵਾਦਾਰ ਨੂੰ ਹਸੇਪਤਾਲ ਦਾਖਲ ਕਰ ਕੇ ਟੈਸਟ ਕੀਤੇ ਜਾ ਰਹੇ ਹਨ | ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ ਅਕਾਲ ਚਲਾਣੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਦੇ ਬਚਾਅ ਲਈ ਉਹ ਸਰਕਾਰ ਅਤੇ ਡਾਕਟਰਾਂ ਦੀਆਂ ਹਦਾਇਤਾਂ ਦਾ ਪਾਲਣ ਕਰਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਦੇ ਦਿਹਾਂਤ ਦੀ ਖ਼ਬਰ ਨਾਲ ਮਨ ਨੂੰ ਗਹਿਰਾ ਦੁੱਖ ਪਹੁੰਚਿਆ ਹੈ। ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਉਹ ਭਾਈ ਨਿਰਮਲ ਸਿੰਘ ਜੀ ਦੇ ਪਰਿਵਾਰ ਦੇ ਨਾਲ ਹਾਂ।