ਭਾਰਤ ਸਰਕਾਰ ਤੋਂ ‘ ਪਦਮ ਸ਼੍ਰੀ ‘ ਲੈਣ ਵਾਲੇ ਪਹਿਲੇ ਹਜ਼ੂਰੀ ਰਾਗੀ ਸਨ ਭਾਈ ਨਿਰਮਲ ਸਿੰਘ ਖਾਲਸਾ —— ਪੜ੍ਹੋ ਜੀਵਨੀ
ਨਿਊਜ਼ ਪੰਜਾਬ —– – ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਅੱਜ ਤੜਕੇ 4:30 ਵਜੇ ਅਕਾਲ ਚਲਾਣਾ ਕਰ ਗਏ। ਬੀਤੇ ਦਿਨੀਂ ਉਨ੍ਹਾਂ ਦੀ ਕੋਰੋਨਾਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਅਤੇ ਉਹ ਵੈਂਟੀਲੇਟਰ ‘ਤੇ ਸਨ। ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ (ਸਾਬਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ) ਜਿਹਨਾਂ ਨੂੰ ਕਲ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ |
68 ਵਰ੍ਹਿਆਂ ਦੇ ਭਾਈ ਨਿਰਮਲ ਸਿੰਘ ਖਾਲਸਾ ਹੁਰਾਂ ਦਾ ਜਨਮ 1952 ’ਚ ਫ਼ਿਰੋਜ਼ਪੁਰ ਵਿਖੇ ਹੋਇਆ ਸੀ। ਉਨ੍ਹਾਂ 1976 ’ਚ ਗੁਰਮਤਿ ਸੰਗੀਤ ਦਾ ਡਿਪਲੋਮਾ ਅੰਮ੍ਰਿਤਸਰ ਦੇ ਸ਼ਹੀਦ ਮਿਸ਼ਨਰੀ ਕਾਲਜ ਤੋਂ ਲਿਆ ਸੀ। ਭਾਈ ਨਿਰਮਲ ਸਿੰਘ ਖਾਲਸਾ ਨੇ 1977 ’ਚ ਰਿਸ਼ੀਕੇਸ਼ ਦੇ ਗੁਰਮਤਿ ਕਾਲਜ ’ਚ ਸੰਗੀਤ ਦੇ ਅਧਿਆਪਕ ਵਜੋਂ ਵੀ ਕੰਮ ਕੀਤਾ ਸੀ। ਫਿਰ ਅਗਲੇ ਸਾਲ 1978 ’ਚ ਉਹ ਰਾਜਸਥਾਨ ਦੇ ਸ਼ਹਿਰ ਗੰਗਾਨਗਰ ਸਥਿਤ ਸੰਤ ਚੰਨਣ ਸਿੰਘ – ਬੁੱਢਾ ਜੌਹਰ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ’ਚ ਵੀ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਈ। 1979 ਤੋਂ ਹੁਣ ਤੱਕ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ’ਚ ਲੱਗੇ ਹੋਏ ਸਨ। ਉਹ ਸਾਰੇ ਪੰਜ ਤਖ਼ਤ ਸਾਹਿਬਾਨ ਉੱਤੇ ਅਤੇ ਦੇਸ਼ ਦੇ ਸਾਰੇ ਹੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਨਾਲ–ਨਾਲ 71 ਦੇਸ਼ਾਂ ਦੇ ਗੁਰੂ–ਘਰਾਂ ’ਚ ਕੀਰਤਨ ਕਰ ਚੁੱਕੇ ਸਨ। ਭਾਈ ਨਿਰਮਲ ਸਿੰਘ ਖਾਲਸਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਸਾਰੇ 31 ਰਾਗਾਂ ਦਾ ਭਲੀਭਾਂਤ ਗਿਆਨ ਸੀ। ਉਨ੍ਹਾਂ ਦੀ ਇਸੇ ਮੁਹਾਰਤ ਲਈ ਸਾਲ 2009 ’ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮਸ਼੍ਰੀ’ ਨਾਲ ਨਿਵਾਜ਼ਿਆ ਸੀ। ਇਹ ਪੁਰਸਕਾਰ ਹਾਸਲ ਕਰਨ ਵਾਲੇ ਭਾਈ ਖਾਲਸਾ ਪਹਿਲੇ ਹਜ਼ੂਰੀ ਰਾਗੀ ਸਨ।