ਲੁਧਿਆਣਾ ਦੇ ਰੈਣ – ਬਸੇਰਿਆਂ ਦਾ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਜਾਇਜ਼ਾ ਲਿਆ ਗਿਆ
ਲੁਧਿਆਣਾ ,1 ਅਪ੍ਰੈਲ ( ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ )ਕਰੌਨਾ ਵਾਇਰਸ ਦੇ ਸੰਕਟ ਵਿੱਚੋਂ ਸਾਰਾ ਸੰਸਾਰ ਗੁਜਰ ਰਿਹਾ ਹੈ ਅਤੇ ਲੁਧਿਆਣੇ ਵਿੱਚ ਵੀ ਇਸ ਦੀ ਰੋਕਥਾਮ ਲਈ ਨਗਰ ਨਿਗਮ /ਪ੍ਰਸਾਸ਼ਨ ਵੱਲੋਂ ਜੰਗੀ ਪੱਧਰ ਤੇ ਕੰਮ ਕੀਤੇ ਜਾ ਰਹੇ ਹਨ। ਲੁਧਿਆਣਾ ਸ਼ਹਿਰ ਵਿਚ ਨਗਰ ਨਿਗਮ ਲੁਧਿਆਣਾ ਵਲੋਂ ਬੇ-ਸਹਾਰਾ ਅਤੇ ਬੇ-ਘਰੇ ਲੋਕਾਂ ਲਈ ਜੋ ਸ਼ੈਲਟਰ ਹੋਮ ( ਰੈਣ ਬਸੇਰੇ) ਬਣਾਏ ਗਏ ਹਨ,ਉਹਨਾਂ ਦਾ ਅਜ ਸ਼੍ਰੀ ਬਲਕਾਰ ਸਿੰਘ ਸੰਧੂ,ਮੇਅਰ ਲੁਧਿਆਣਾ ਵਲੋਂ ਜਾਇਜ਼ਾ ਲਿਆ ਗਿਆ ਅਤੇ ਜਦੋਂ ਜੌਨ ਏ ਦੇ ਸ਼ੈਲਟਰ ਹੋਮ ਵਿੱਚ ਪਹੁੰਚੇ ਤਾਂ ਉਥੇ ਕਾਫੀ ਤਰੁਟੀਆਂ ਪਾਈਆਂ ਗਈਆਂ। ਨਾ ਹੀ ਲੰਗਰ ਵਰਤਾਉਣ ਵੇਲੇ ਸੋਸ਼ਲ ਡਿਸਟੈਂਸ ਦਾ ਧਿਆਨ ਰਖਿਆ ਜਾ ਰਿਹਾ ਸੀ ਅਤੇ ਨਾ ਹੀ ਸੌਣ ਵਾਲੇ ਬਿਸਤਰੇ ਡਿਸਟੈਂਸ ਰੱਖ ਕੇ ਵਿਛਾਏ ਗਏ ਸਨ। ਮੌਕੇ ਤੇ ਮੌਜੂਦ ਨਗਰ ਨਿਗਮ ਦੇ ਸ਼ੈਲਟਰ ਹੋਮ ਦੇ ਇੰਚਾਰਜ ਸ਼੍ਰੀ ਰਾਧੇ ਮੋਹਨ (SDO,B&R, ) ਨੂੰ ਸਖਤ ਤਾੜਨਾ ਕੀਤੀ ਕਿ ਕਰੌਨਾ ਵਾਇਰਸ ਦੇ ਚਲਦਿਆਂ ਡਾਕਟਰਾਂ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ। ਇਸ ਮੁਸ਼ਕਿਲ ਦੀ ਘੜੀ ਵਿਚ ਰੈਣ ਬਸੇਰੇ ਵਿਚ ਰਹਿਣ ਵਾਲੇ ਵਿਅਕਤੀਆਂ ਨੂੰ ਕਿਸੇ ਕਿਸਮ ਦੀ ਤਕਲੀਫ਼ ਨਹੀਂ ਹੋਣੀ ਚਾਹੀਦੀ,ਉਹਨਾਂ ਨੂੰ ਸਮੇਂ ਸਿਰ ਖਾਣ ਲਈ ਰੋਟੀ ਪਹੁੰਚਾਈ ਜਾਵੇ ਅਤੇ ਲੋੜ ਪੈਣ ਤੇ ਮੈਡੀਕਲ ਸੁਵਿਧਾ ਦਾ ਪਰਬੰਧ ਵੀ ਕੀਤਾ ਜਾਵੇ । ਹਰਪਾਲ ਸਿੰਘ ਨਿਮਾਣਾ ਮੀਡੀਆ ਅਫਸਰ,ਮੇਅਰ ਦਫਤਰ,ਨਗਰ ਨਿਗਮ,ਲੁਧਿਆਣਾ ਨੇ ਦੱਸਿਆ ਕਿ ਇਸ ਮੌਕੇ ਮੇਅਰ,ਲੁਧਿਆਣਾ ਤੋਂ ਇਲਾਵਾ ਸ਼੍ਰੀ ਅਰਵਿੰਦ ਕੁਮਾਰ(SDO,B&R ), ਸ਼੍ਰੀ ਨਿਸ਼ੂ ਘਈ ਸੈਨੇਟਰੀ ਇੰਸਪੈਕਟਰ,ਸ਼੍ਰੀ ਰਾਧੇ ਮੋਹਨ (SDO,B&R),ਸ਼੍ਰੀ ਵਿਸ਼ਾਲ ਕੁਮਾਰ (J.E,B&R) ਅਤੇ ਹੋਰ ਕਰਮਚਾਰੀ ਵੀ ਮੌਜੂਦ ਸਨ।