ਪੰਜਾਬ ਕਾਂਗਰਸ ਵਿੱਚ ਵੱਡੀ ਬਗਾਵਤ – ਮੁੱਖ ਮੰਤਰੀ ਦਾ ਭਰਾ ਹੋਇਆ ਬਾਗ਼ੀ – ਆਜ਼ਾਦ ਉਮੀਦਵਾਰ ਵਜੋਂ ਚੋਣ ਹਲਕੇ ਦਾ ਕੀਤਾ ਐਲਾਨ

 

ਪੰਜਾਬ ਕਾਂਗਰਸ ਵਿੱਚ ਵੱਡੀ ਬਗਾਵਤ ਹੋ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਨੇ ਕਾਂਗਰਸ ਵੱਲੋਂ ਟਿਕਟ ਨਾ ਦਿੱਤੇ ਜਾਣ ‘ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਬੱਸੀ ਪਠਾਣਾ ਵਿਧਾਨ ਸਭਾ ਤੋਂ ਟਿਕਟ ਦੀ ਮੰਗ ਕਰ ਰਹੇ ਸਨ। ਕਾਂਗਰਸ ਨੇ ਉਨ੍ਹਾਂ ਦੀ ਥਾਂ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ‘ਤੇ ਭਰੋਸਾ ਜਤਾਇਆ ਹੈ।

ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਬਾਅ ਕਾਰਨ ਮੁੱਖ ਮੰਤਰੀ ਦੇ ਭਰਾ ਮਨੋਹਰ ਸਿੰਘ ਨੂੰ ਟਿਕਟ ਨਹੀਂ ਦਿੱਤੀ ਗਈ ਸੀ, ਜਦਕਿ ਮਨੋਹਰ ਸਿੰਘ ਨੇ ਚੋਣ ਲੜਨ ਲਈ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਪੰਜਾਬ ਸਰਕਾਰ ਕੋਲੋਂ ਸੇਵਾਮੁਕਤੀ ਲੈ ਲਈ ਸੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਨੇ ਅੱਜ ਬਸੀ ਪਠਾਣਾਂ ਵਿਖੇ ਆਪਣੇ ਚੋਣ ਦਫ਼ਤਰ ਵਿਖੇ ਭਾਰੀ ਗਿਣਤੀ ਵਿੱਚ ਹਾਜ਼ਰ ਹਲਕੇ ਦੇ ਵੋਟਰਾਂ ਦੀ ਮੌਜੂਦਗੀ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਣ ਦਾ ਐਲਾਨ ਕਰਦੇ ਹੋਏ ਸੰਯੁਕਤ ਸਮਾਜ ਮੋਰਚੇ ਦਾ ਟਿਕਟ ਹਾਸਲ ਕਰਨ ਦਾ ਇਸ਼ਾਰਾ ਵੀ ਕੀਤਾ ਹੈ।
ਡਾ. ਮਨੋਹਰ ਸਿੰਘ ਨੇ ਕਿਹਾ ਕਿ ਬਸੀ ਪਠਾਣਾਂ ਹਲਕੇ ਨੂੰ ਕਮਜ਼ੋਰ ਵਿਧਾਇਕ ਨਹੀ ਸਗੋਂ ਤਾਕਤਵਰ, ਪੜ੍ਹਿਆ-ਲਿਖਿਆ ਅਤੇ ਲੋਕਾਂ ਦੀ ਅਵਾਜ਼ ਬਣਕੇ ਕੰਮ ਕਰਨ ਵਾਲੇ ਸੇਵਾਦਾਰ ਦੀ ਲੋੜ ਹੈ। ਉਨ੍ਹਾਂ ਮੌਜੂਦਾ ਵਿਧਾਇਕ ’ਤੇ ਸਿਆਸੀ ਹਮਲੇ ਕਰਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲ ਵਿੱਚ ਬਸੀ ਪਠਾਣਾਂ ਹਲਕੇ ਵਿੱਚ ਸਿਰਫ ਐਲਾਨ ਹੋਏ ਹਨ ਵਿਕਾਸ ਨਹੀ ਹੋਇਆ। ਉਨ੍ਹਾਂ ਕਿਹਾ,‘ਹਲਕੇ ਦੇ ਲੋਕ ਮੇਰੇ ਨਾਲ ਹਨ ਪਰ ਜਿਨ੍ਹਾਂ ਕਾਂਗਰਸੀ ਆਗੂਆਂ ਨੇ ਮੇਰੀ ਟਿਕਟ ਕਟਵਾਈ ਹੈ, ਉਨ੍ਹਾਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਜੇ ਉਨ੍ਹਾਂ ਨੇ ਮੇਰੇ ਬਸੀ ਪਠਾਣਾਂ ਹਲਕੇ ’ਚ ਮੇਰਾ ਵਿਰੋਧ ਕੀਤਾ ਤਾਂ ਮੈਂ ਉਨ੍ਹਾਂ ਦੇ ਹਲਕਿਆ ਵਿੱਚ ਜਾ ਕੇ ਉਹਨਾਂ ਦਾ ਸਖਤ ਵਿਰੋਧ ਕਰਾਂਗਾ।’

ਐਸ.ਐਮ.ਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ
ਜਿਕਰਯੋਗ ਹੈ ਕਿ ਡਾ: ਮਨੋਹਰ ਸਿੰਘ ਪੰਜਾਬ ਸਿਹਤ ਵਿਭਾਗ ਵਿੱਚ ਸਰਕਾਰੀ ਡਾਕਟਰ ਸਨ। ਉਨ੍ਹਾਂ ਦੀ ਨਿਯੁਕਤੀ ਖਰੜ ਦੇ ਸਿਵਲ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ’ਤੇ ਹੋਈ ਸੀ। ਉਨ੍ਹਾਂ ਨੇ ਇਕ ਮਹੀਨਾ ਪਹਿਲਾਂ ਹੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਬੱਸੀ ਪਠਾਣਾਂ ਜਾ ਕੇ ਸਰਗਰਮ ਹੋ ਗਿਆ। ਉਥੇ ਦਫਤਰ ਖੋਲ੍ਹ ਕੇ ਲੋਕਾਂ ਨੂੰ ਮਿਲਣਾ ਵੀ ਸ਼ੁਰੂ ਕਰ ਦਿੱਤਾ। ਇਹ ਸੀਟ ਐਸਸੀ ਰਿਜ਼ਰਵ ਹੈ।

ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ ਦੁਆਬੇ ਦੇ ਵੱਡੇ ਕਾਂਗਰਸੀ ਨੇਤਾ ਮਹਿੰਦਰ ਕੇ ਪੀ ਨੇ ਵੀ ਆਦਮਪੁਰ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਰੋਸ ਦਾ ਪ੍ਰਗਟਾਵਾ ਕਰਦਿਆਂ ਹਰ ਹਾਲਤ ਵਿਚ ਚੋਣ ਲੜਣ ਦਾ ਐਲਾਨ ਕੀਤਾ ਹੈ।