ਪੰਜਾਬ ਸਰਕਾਰ ਦੇ 4 ਮੰਤਰੀਆਂ ਨੇ ਦਿੱਤਾ ਅਸਤੀਫਾ, ਅੱਜ ਪੰਜਾਬ ਕੈਬਨਿਟ ਵਿੱਚ ਸ਼ਾਮਿਲ ਹੋਣਗੇ 5 ਨਵੇਂ ਮੰਤਰੀ
ਪੰਜਾਬ ਨਿਊਜ਼ 23 ਸਤੰਬਰ 2024
ਪੰਜਾਬ ਵਿੱਚ ਅੱਜ (23 ਸਤੰਬਰ) ਨੂੰ ਕਰੀਬ 10 ਮਹੀਨਿਆਂ ਬਾਅਦ ਮੰਤਰੀ ਮੰਡਲ ਵਿੱਚ ਫੇਰਬਦਲ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ, ਜਦਕਿ ਚਾਰ ਪੁਰਾਣੇ ਚਿਹਰਿਆਂ ਨੂੰ ਵੀ ਮੰਤਰੀ ਮੰਡਲ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਚਾਰ ਮੰਤਰੀਆਂ ਨੇ ਐਤਵਾਰ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ।
ਅਸਤੀਫਾ ਦੇਣ ਵਾਲੇ ਮੰਤਰੀਆਂ ਵਿੱਚ ਬਲਕੌਰ ਸਿੰਘ, ਚੇਤਨ ਸਿੰਘ ਜੋੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਸ਼ਾਮਲ ਹਨ। ਭਗਵੰਤ ਮਾਨ ਦੀ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਵਿੱਚ ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਐਸ ਸੌਂਧ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਸ਼ਾਮਲ ਹਨ। ਇਹ ਸਾਰੇ ਅੱਜ ਸ਼ਾਮ 5 ਵਜੇ ਰਾਜ ਨਿਵਾਸ ਵਿਖੇ ਸਹੁੰ ਚੁੱਕਣਗੇ। ਜੁਲਾਈ ਮਹੀਨੇ ਤੋਂ ਪੰਜਾਬ ਵਿੱਚ ਮੰਤਰੀ ਮੰਡਲ ਦੇ ਫੇਰਬਦਲ ਦੀ ਚਰਚਾ ਚੱਲ ਰਹੀ ਹੈ ਪਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਰਨ ਮਾਮਲਾ ਸ਼ਾਇਦ ਅਟਕ ਗਿਆ ਸੀ। ਹੁਣ ਜਦੋਂ ਅਰਵਿੰਦ ਕੇਜਰੀਵਾਲ ਜ਼ਮਾਨਤ ‘ਤੇ ਬਾਹਰ ਹਨ ਤਾਂ ਦਿੱਲੀ ਤੋਂ ਬਾਅਦ ਪੰਜਾਬ ਲਈ ਵੀ ਵੱਡਾ ਫੈਸਲਾ ਆਉਣ ਵਾਲਾ ਹੈ।