ਆਈ.ਏ.ਐਸ. ਅਫਸਰ ਕਰੋਨਾ ਵਾਇਰਸ ਆਫਤ ਪ੍ਰਬੰਧ ਅਤੇ ਰਾਹਤ ਫੰਡ ਲਈ ਇਕ ਦਿਨ ਦੀ ਤਨਖਾਹ ਦਾ ਯੋਗਦਾਨ ਪਾਉਣਗੇ

ਆਈ.ਪੀ.ਐਸ. ਅਤੇ ਪੀ.ਪੀ.ਐਸ. ਅਫਸਰਾਂ ਵੱਲੋਂ ਕੋਵਿਡ-19 ਵਿਰੁੱਧ ਲੜਾਈ ‘ਚ ਡਟੇ ਪੁਲੀਸ ਮੁਲਾਜ਼ਮਾਂ ਲਈ ਇਕ ਦਿਨ ਦੀ ਤਨਖਾਹ ਦੇਣ ਦਾ ਐਲਾਨ
ਚੰਡੀਗੜ੍ਹ, 23 ਮਾਰਚ  (ਨਿਊਜ਼ ਪੰਜਾਬ )
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ‘ਮੁੱਖ ਮੰਤਰੀ ਰਾਹਤ ਫੰਡ’ ਲਈ ਇਕ ਮਹੀਨੇ ਦੀ ਤਨਖਾਹ ਦੇਣ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਕਰੋਨਾਵਾਇਰਸ ਖਿਲਾਫ਼ ਵਿੱਢੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਪੰਜਾਬ ਦੇ ਆਈ.ਏ.ਐਸ. ਅਫਸਰਾਂ ਨੇ ਵੀ ਆਪਣੀ ਇਕ ਦਿਨ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ ਹੈ।
ਸੂਬੇ ਦੇ ਆਈ.ਪੀ.ਐਸ. ਅਤੇ ਪੀ.ਪੀ.ਐਸ. ਅਫਸਰਾਂ ਨੇ ਇਸ ਖਤਰਨਾਕ ਵਾਇਰਸ ਨਾਲ ਨਿਪਟਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸ਼ਾਮਲ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀ ਭਲਾਈ ਲਈ ਇਕ ਦਿਨ ਦੀ ਤਨਖਾਹ ਦਾਨ ਕਰਨ ਦਾ ਐਲਾਨ ਕੀਤਾ ਹੈ।
ਇਕ ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਮੂਹ ਮੰਤਰੀ ਮੰਡਲ ਵੱਲੋਂ ਕਰੋਨਾ ਵਾਇਰਸ ਆਫ਼ਤ ਪ੍ਰਬੰਧਨ ਅਤੇ ਰਾਹਤ ਫੰਡ ਲਈ ਦਾਨ ਦੇ ਰੂਪ ਵਿੱਚ ਇਕ ਮਹੀਨੇ ਦੀ ਤਨਖਾਹ ਦੇਣ ਦਾ ਯੋਗਦਾਨ ਪਾਇਆ ਜਾਵੇਗਾ।
ਪੰਜਾਬ ਕਾਡਰ ਦੇ ਆਈ.ਏ.ਐਸ. ਅਧਿਕਾਰੀਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਰਾਹਤ ਫੰਡ ਲਈ ਇਕ ਦਿਨ ਦੀ ਤਨਖਾਹ ਦਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲਾਏ ਕਰਫਿਊ ਨਾਲ ਪ੍ਰਭਾਵਿਤ ਹੋਣ ਵਾਲੇ ਪਰਿਵਾਰਾਂ ਦੀ ਇਮਦਾਦ ਕੀਤੀ ਜਾ ਸਕੇ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਇੰਡੀਅਨ ਪੁਲੀਸ ਸਰਵਿਸ ਅਤੇ ਪੰਜਾਬ ਪੁਲੀਸ ਸਰਵਿਸ ਦੇ ਅਫਸਰ ਸਵੈ-ਇੱਛਾ ਨਾਲ ਪੁਲੀਸ ਭਲਾਈ ਫੰਡ ਲਈ ਇਕ ਦਿਨ ਦੀ ਤਨਖਾਹ ਦਾ ਯੋਗਦਾਨ ਪਾਉਣਗੇ ਤਾਂ ਕਿ ਸੂਬਾ ਭਰ ਵਿੱਚ ਕਰੋਨਾਵਾਇਰਸ ਦੀ ਮਹਾਂਮਾਰੀ ਵਿਰੁੱਧ ਜੰਗ ਵਿੱਚ ਸੇਵਾਵਾਂ ਨਿਭਾਅ ਰਹੇ ਪੁਲੀਸ ਮੁਲਾਜ਼ਮਾਂ ਲਈ ਭਲਾਈ ਕਾਰਜ ਕੀਤੇ ਜਾ ਸਕਣ।
ਸ੍ਰੀ ਗੁਪਤਾ ਨੇ ਦੱਸਿਆ ਕਿ ਸੂਬੇ ਵਿੱਚ 121 ਆਈ.ਪੀ.ਐਸ. ਅਤੇ 809 ਪੀ.ਪੀ.ਐਸ. ਅਫਸਰਾਂ ਦੀ ਇਕ ਦਿਨ ਦੀ ਤਨਖਾਹ ਦੇ ਯੋਗਦਾਨ ਦੇ ਰੂਪ ਵਿੱਚ 33.2 ਲੱਖ ਰੁਪਏ ਦੇ ਲਗਪਗ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨੂੰ ਬਹਾਦਰ ਪੁਲੀਸ ਮੁਲਾਜ਼ਮਾਂ ਲਈ ਪ੍ਰਬੰਧ ਕਰਨ ਅਤੇ ਵੱਖ-ਵੱਖ ਭਲਾਈ ਕਾਰਜਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਦੇ ਜਵਾਨ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਦੇ ਯਤਨਾਂ ਪ੍ਰਤੀ ਦ੍ਰਿੜ ਵਚਨਬੱਧਤਾ ਅਤੇ ਸਮਰਪਿਤ ਭਾਵਨਾ ਨਾਲ ਡਟੇ ਹੋਏ ਹਨ।
———