ਦਿਲ ਦੇ ਦੌਰੇ ਤੋਂ ਕੀਮਤੀ ਜਾਨਾਂ ਬਚਾਉਣ ਲਈ, ਭਾਰਤ ਭੂਸ਼ਣ ਆਸ਼ੂ ਵੱਲੋਂ ਆਈ.ਸੀ.ਐਮ.ਆਰ. ਦਾ ਪ੍ਰੋਜੈਕਟ ਕੀਤਾ ਸੁਰੂ

ਨਿਊਜ਼ ਪੰਜਾਬ 

ਲੁਧਿਆਣਾ, 04 ਸਤੰਬਰ – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਲੁਧਿਆਣਾ ਵਿੱਚ ਦਿਲ ਦੇ ਦੌਰੇ ਤੋਂ ਕੀਮਤੀ ਜਾਨਾਂ ਬਚਾਉਣ ਦੇ ਮੰਤਵ ਨਾਲ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦੁਆਰਾ ਸਪੋੰਸਰ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ, ਜੋ ਲੱਛਣਾਂ ਦੀ ਸ਼ੁਰੂਆਤ ਦੇ ਸਮੇਂ (ਪਹਿਲੇ 90 ਮਿੰਟ) ਅੰਦਰ ਇਲਾਜ ਸ਼ੁਰੂ ਕਰਕੇ ਦਿਲ ਦੇ ਦੌਰੇ ਤੋਂ ਕੀਮਤੀ ਜਾਨਾਂ ਬਚਾਏਗਾ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਜੀ.ਬੀ. ਸਿੰਘ, ਡਾ. ਐਸ ਰਾਮਕ੍ਰਿਸ਼ਨ, ਡਾ. ਬਿਸ਼ਵ ਮੋਹਨ, ਡਾ. ਜੀ.ਐਸ. ਵਾਂਡਰ, ਪ੍ਰੇਮ ਗੁਪਤਾ ਅਤੇ ਹੋਰਨਾਂ ਦੇ ਨਾਲ, ਕੈਬਨਿਟ ਮੰਤਰੀ ਨੇ ਇਸ ਪ੍ਰੋਜੈਕਟ ਨੂੰ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਕਰਾਰ ਦਿੱਤਾ ਜਿਸ ਦੇ ਤਹਿਤ ਦਿਲ ਵਿੱਚ ਖੂਨ ਦੇ ਕਲੋਟਜ਼ ਨੂੰ ਖ਼ਤਮ ਕਰਨ ਲਈ ਟੈਨੈਕਟੈਪਲੇਜ਼ ਦਵਾਈ 11 ਕੇਂਦਰਾਂ ਤੇ ਮਰੀਜ਼ਾਂ ਨੂੰ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਲੁਧਿਆਣਾ ਵਿੱਚ ਪ੍ਰੋਜੈਕਟ ਸੁ਼ਰੂ ਕਰਨ ਲਈ ਆਈ.ਸੀ.ਐਮ.ਆਰ, ਡੀ.ਐਮ.ਸੀ.ਐਚ. ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

ਸ੍ਰੀ ਆਸ਼ੂ ਨੇ ਦੱਸਿਆ ਕਿ ਆਮ ਨਾਗਰਿਕ ਦਿਲ ਵਿੱਚ ਖੂਨ ਦੇ ਕਲੋਟਜ਼ ਨੂੰ ਖ਼ਤਮ ਕਰਨ ਲਈ ਟੈਨੈਕਟੈਪਲੇਜ਼ ਵਰਗੀ ਮਹਿੰਗੀ ਦਵਾਈ (ਲਗਭਗ 25 ਤੋਂ 30 ਹਜ਼ਾਰ ਰੁਪਏ) ਖਰੀਦਣ ਤੋਂ ਅਸਮਰੱਥ ਹੁੰਦੇ ਹਨ. ਉਨ੍ਹਾਂ ਕਿਹਾ ਕਿ 70 ਫੀਸਦੀ ਮਾਮਲਿਆਂ ਵਿੱਚ, ਇਹ ਦਵਾਈ ਦੇਰੀ ਨਾਲ ਪਹੁੰਚਣ ਕਾਰਨ ਦਿੱਤੀ ਨਹੀਂ ਜਾਂਦੀ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਦਿਲ ਦੇ ਦੌਰੇ ਦੇ ਲੱਛਣਾਂ ਬਾਰੇ ਆਪਣੇ ਜ਼ਮੀਨੀ ਪੱਧਰ ਦੇ ਸਿਹਤ ਕਰਮਚਾਰੀਆਂ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨ ਕਿਉਂਕਿ  ਬਹੁਤ ਸਾਰੇ ਲੋਕ ਲੱਛਣਾਂ ਬਾਰੇ ਜਾਗਰੂਕ ਨਹੀਂ ਹਨ ਜੋਕਿ ਅਕਸਰ ਮਰੀਜ਼ ਲਈ ਘਾਤਕ ਸਿੱਧ ਹੁੰਦਾ ਹੈ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਸਿਵਲ ਹਸਪਤਾਲ, ਕ੍ਰਿਸ਼ਨਾ ਹਸਪਤਾਲ, ਪਾਹਵਾ ਹਸਪਤਾਲ, ਆਰ.ਸੀ.ਐਚ. ਪੋਹੀੜ, ਸਰਾਭਾ ਹਸਪਤਾਲ, ਐਸ.ਡੀ.ਐਚ. ਜਗਰਾਉਂ, ਐਸ.ਡੀ.ਐਚ. ਪਾਇਲ, ਐਸ.ਡੀ.ਐਚ. ਸਮਰਾਲਾ, ਲਾਈਫ ਕੇਅਰ ਹਸਪਤਾਲ ਅਤੇ ਐਸ.ਡੀ.ਐਚ. ਮਛੀਵਾੜਾ ਸਮੇਤ 11 ਕੇਂਦਰ ਲੁਧਿਆਣਾ ਵਿੱਚ ਸਥਾਪਤ ਕੀਤੇ ਗਏ ਹਨ ਤਾਂ ਜੋ ਦਿਲ ਦੇ ਦੌਰੇ ਤੋਂ ਪੀੜਤ ਮਰੀਜ਼ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਪਿਛਲੇ ਇੱਕ ਸਾਲ ਤੋਂ ਡੀ.ਐਮ.ਸੀ.ਐਚ. ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ।

ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ.) ਦੇ ਡਾਕਟਰ ਬਿਸ਼ਵ ਮੋਹਨ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ, ਖ਼ਾਸਕਰ ਐਸ.ਟੀ.ਐਲੀਵੇਸ਼ਨ ਮਾਇਓਕਾਰਡੀਅਲ ਇਨਫਾਰਕਸ਼ਨ(ਐਸ.ਟੀ.ਈ.ਐਮ.ਆਈ. ਜਾਂ ਦਿਲ ਦਾ ਦੌਰਾ) ਵਿਸ਼ਵਵਿਆਪੀ ਅਤੇ ਭਾਰਤ ਵਿੱਚ ਮੌਤ ਦਾ ਇੱਕ ਪ੍ਰਮੁੱਖ ਕਾਰਨ ਹੈ।

ਉਨ੍ਹਾਂ ਅੱਗੇ ਕਿਹਾ ਕਿ ਜੇ ਮਰੀਜ਼ ਨੂੰ ਤਿੰਨ ਘੰਟਿਆਂ ਦੇ ਅੰਦਰ ਇਲਾਜ ਮਿਲਦਾ ਹੈ ਤਾਂ 95 ਪ੍ਰਤੀਸ਼ਤ ਜਾਨਾਂ ਦਿਲ ਦੇ ਦੌਰੇ ਤੋਂ ਬਚਾਈਆਂ ਜਾ ਸਕਦੀਆਂ ਹਨ ਅਤੇ ਜੇ ਦਵਾਈ ਛੇ ਘੰਟਿਆਂ ਦੇ ਅੰਦਰ ਦਿੱਤੀ ਜਾਂਦੀ ਹੈ ਤਾਂ 80 ਪ੍ਰਤੀਸ਼ਤ ਜਾਨਾਂ ਬਚਾਈਆਂ ਜਾ ਸਕਦੀਆਂ ਹਨ।