ਵਿਜੀਲੈਂਸ ਨੇ ਜੂਨ ਮਹੀਨੇ ਦੌਰਾਨ ਰਿਸ਼ਵਤ ਲੈਣ ਦੇ ਮਾਮਲੇ `ਚ 9 ਕਰਮਚਾਰੀਆਂ ਅਤੇ 1 ਪ੍ਰਾਈਵੇਟ ਵਿਅਕਤੀ ਨੂੰ ਕੀਤਾ ਕਾਬੂ

ਨਿਊਜ਼ ਪੰਜਾਬ 

ਚੰਡੀਗੜ੍ਹ, 14 ਜੁਲਾਈ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਜੂਨ ਮਹੀਨੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰਿਸ਼ਵਤਖੋਰੀ ਦੇ 8 ਮਾਮਲਿਆਂ ਵਿੱਚ 9 ਸਰਕਾਰੀ ਕਰਮਚਾਰੀਆਂ ਅਤੇ 1 ਪ੍ਰਾਈਵੇਟ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਜਿਸ ਵਿਚ ਪੁਲਿਸ ਦੇ 3 ਮੁਲਾਜ਼ਮ ਅਤੇ ਮਾਲ ਵਿਭਾਗ ਦੇ 2 ਕਰਮਚਾਰੀ ਸ਼ਾਮਲ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ਼ ਡਾਇਰੈਕਟਰ-ਕਮ-ਡੀ.ਜੀ.ਪੀ. ਵਿਜੀਲੈਂਸ ਬਿਊਰੋ ਪੰਜਾਬ ਸ੍ਰੀ ਬੀ.ਕੇ. ਉੱਪਲ ਨੇ ਕਿਹਾ ਕਿ ਬਿਊਰੋ ਨੇ ਇਸ ਅਰਸੇ ਦੌਰਾਨ ਸਰਕਾਰੀ ਕਰਮਚਾਰੀਆਂ ਅਤੇ ਹੋਰਾਂ ਦਰਮਿਆਨ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਠੋਸ ਕੋਸ਼ਿਸ਼ਾਂ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਬਿਊਰੋ ਨੇ ਪਿਛਲੇ ਮਹੀਨੇ ਵੱਖ-ਵੱਖ ਅਦਾਲਤਾਂ ਵਿੱਚ ਵਿਜੀਲੈਂਸ ਵੱਲੋਂ ਦਰਜ 12 ਮੁਕੱਦਮਿਆਂ `ਚ ਚਲਾਨ ਦਾਖਲ ਕੀਤੇ ਗਏ। ਇਸ ਸਮੇਂ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਪੂਰੀ ਡੂੰਘਾਈ ਨਾਲ ਜਾਂਚ ਲਈ 6 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ ਇਸੇ ਅਰਸੇ ਦੌਰਾਨ ਕੀਤੀਆਂ ਵਿਜੀਲੈਂਸ ਪੜਤਾਲਾਂ ਦੇ ਆਧਾਰ `ਤੇ 4 ਨਵੇਂ ਮੁਕੱਦਮੇ ਵੀ ਦਰਜ ਕੀਤੇ ਗਏ ਹਨ।