ਮਹਾਂਮਾਰੀ ਦੌਰਾਨ ਮਾਨਵੀ ਸ਼ਕਤੀ ਦੀ ਘਾਟ ਪੂਰਾ ਕਰਨ ਲਈ ਨਰਸਿੰਗ ਤੇ ਮੈਡੀਕਲ ਕੋਰਸਾਂ ਦੇ ਫਾਈਨਲ ਕਲਾਸਾਂ ਦੇ ਵਿਦਿਆਰਥੀਆਂ ਦੀਆਂ ਵੀ ਸੇਵਾਵਾਂ ਲਈਆਂ ਜਾਣ-ਚੰਦਰ ਗੈਂਦ
ਨਿਊਜ਼ ਪੰਜਾਬ
ਲੁਧਿਆਣਾ, 5 ਮਈ:
ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਮਾਨਵੀ ਸ਼ਕਤੀ ਦੀ ਆ ਰਹੀ ਘਾਟ ਨੂੰ ਪੂਰਾ ਕਰਨ ਲਈ ਨਰਸਿੰਗ ਅਤੇ ਮੈਡੀਕਲ ਕੋਰਸਾਂ ਦੇ ਫਾਈਨਲ ਕਲਾਸਾਂ ਦੇ ਵਿਦਿਆਰਥੀਆਂ ਦੀ, ਉਨ੍ਹਾਂ ਦੀ ਸਵੈ ਇੱਛਾ ਮੁਤਾਬਕ ਵੀ ਮਦਦ ਲਈ ਜਾ ਸਕਦੀ ਹੈ।
ਸ੍ਰੀ ਚੰਦਰ ਗੈਂਦ ਅੱਜ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਸਿਵਲ ਸਰਜਨ ਡਾ. ਕਿਰਨ ਗਿੱਲ ਆਦਿ ਅਧਿਕਾਰੀਆਂ ਨਾਲ ਕੋਵਿਡ ਮਾਮਲਿਆਂ ਦੀ ਸਮੀਖਿਆ ਕਰਨ ਲਈ ਆਨ-ਲਾਈਨ ਮੀਟਿੰਗ ਕਰ ਰਹੇ ਸਨ। ਇਸ ਮੌਕੇ ਸ੍ਰੀ ਚੰਦਰ ਗੈਂਦ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਵੀ ਸੁਝਾਓ ਦਿੱਤਾ ਕਿ ਸਰਕਾਰੀ ਸੇਵਾਵਾਂ ‘ਚ ਮੈਡੀਕਲ ਪੜ੍ਹਾਈ ਵਾਲਿਆਂ ਦੀਆਂ ਸੇਵਾਵਾਂ ਵੀ ਉਨ੍ਹਾਂ ਦੀ ਸਵੈਇੱਛਾ ਮੁਤਾਬਕ ਹਾਸਲ ਕਰ ਲੈਣੀਆਂ ਚਾਹੀਦੀਆਂ ਹਨ।
ਡਵੀਜ਼ਨਲ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਵਲੋਂ ਪਟਿਆਲਾ ਡਵੀਜ਼ਨ ‘ਚ ਪੈਂਦੇ ਜ਼ਿਲ੍ਹਿਆਂ ਅੰਦਰ ਕੋਵਿਡ ਪ੍ਰਬੰਧਾਂ ਅਤੇ ਟੀਕਾਕਰਣ ਪ੍ਰਗਤੀ ਲਈ ਕੀਤੀਆਂ ਜਾ ਰਹੀਆਂ ਆਨ ਲਾਈਨ ਮੀਟਿੰਗਾਂ ਦੀ ਲੜੀ ‘ਚ ਅੱਜ ਲੁਧਿਆਣਾ ਜ਼ਿਲ੍ਹੇ ਦੀ ਕੀਤੀ ਸਮੀਖਿਆ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਲੁਧਿਆਣਾ ‘ਚ ਕੋਵਿਡ ਅਤੇ ਆਕਸੀਜਨ ਪ੍ਰਬੰਧਨ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਜ਼ਿਲ੍ਹੇ ਅੰਦਰ ਕੋਵਿਡ ਟੀਕਾਕਰਨ ਦੀ ਦਰ ਵਧਾਉਣ ‘ਤੇ ਜ਼ੋਰ ਵੀ ਦਿੱਤਾ।
ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਜ਼ਿਲ੍ਹੇ ‘ਚ 35 ਲੱਖ ਤੋਂ ਵਧੇਰੇ ਆਬਾਦੀ ਦੇ ਮੱਦੇਨਜ਼ਰ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ‘ਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਸਪਲਾਈ, ਸੈਂਪਲਿੰਗ, ਕੋਵਿਡ ਪਾਜਿਟਿਵ ਮਰੀਜਾਂ ਦੀ ਸੰਭਾਲ, ਕੋਵਿਡ ਮ੍ਰਿਤਕਾਂ ਦੇ ਸੰਸਕਾਰ ਦੇ ਕੀਤੇ ਜਾ ਰਹੇ ਚੁਣੌਤੀ ਭਰਪੂਰ ਕੰਮ ਲਈ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਮੈਡੀਕਲ ਕੂੜਾ-ਕਰਕਟ ਦੇ ਨਿਪਟਾਰੇ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।
ਇਸ ਮੌਕੇ ਕਮਿਸ਼ਨਰ ਪੁਲਿਸ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ‘ਚ ਕੋਵਿਡ ਪਾਬੰਦੀਆਂ ਦੀ ਪਾਲਣਾ ਸਖ਼ਤੀ ਨਾਲ ਕਰਵਾਈ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਬਿਨਾਂ ਮਾਸਕ ਵਾਲੇ ਲੋਕਾਂ ਦੇ 500 ਦੇ ਕਰੀਬ ਚਲਾਨ ਰੋਜ਼ਾਨਾ ਹੋ ਰਹੇ ਹਨ ਤੇ ਉਲੰਘਣਾ ਦੇ 20 ਦੇ ਕਰੀਬ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਬਿਨ੍ਹਾਂ 60 ਨਾਕੇ 24 ਘੰਟੇ ਕਾਰਜਸ਼ੀਲ ਹਨ ਤੇ 28 ਨਾਕਿਆਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਆਰ.ਟੀ.ਪੀ.ਸੀ.ਆਰ ਟੈਸਟਾਂ ਲਈ ਤਾਇਨਾਤ ਹਨ। ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਦੇ 6 ਮਹੱਤਵਪੂਰਨ ਹਸਪਤਾਲਾਂ ਅਤੇ ਆਕਸੀਜਨ ਦੇ 8 ਪਲਾਂਟਾਂ ‘ਚ ਪੁਲਿਸ ਗਾਰਦ ਤਾਇਨਾਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 35 ਲੱਖ ਤੋਂ ਵਧੇਰੇ ਆਬਾਦੀ ‘ਚੋਂ 5.48 ਲੱਖ ਲੋਕਾਂ ਦੇ ਕੋਵਿਡ ਵੈਕਸੀਨ ਲੱਖ ਚੁੱਕੀ ਹੈ। ਹੁਣ ਤੱਕ ਕੁਲ ਸੈਂਪਲ 10 ਲੱਖ 16 ਹਜ਼ਾਰ 667 ਲਏ ਗਏ ਹਨ, ਜਿਨ੍ਹਾਂ ‘ਚੋਂ 60135 ਕੇਸ ਸਾਹਮਣੇ ਆਏ ਤੇ 1453 ਮੌਤਾਂ ਦਰਜ ਕੀਤੀਆਂ ਗਈਆਂ। ਜ਼ਿਲ੍ਹੇ ‘ਚ ਮੌਤ ਦਰ 2.41 ਫੀਸਦੀ ਹੈ ਅਤੇ ਇਸ ਸਮੇਂ ਐਕਟਿਵ ਮਾਮਲੇ 10316 ਹਨ, ਜਿਨ੍ਹਾਂ ‘ਚੋਂ ਹੋਮ ਆਈਸੋਲੇਸ਼ਨ ‘ਚ ਐਕਟਿਵ ਮਰੀਜ 7447 ਹਨ।
ਸਿਵਲ ਸਰਜਨ ਡਾ. ਕਿਰਨ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ‘ਚ ਨਿਜੀ ਹਸਪਤਾਲ 74 ਹਨ ਜਦਕਿ ਜ਼ਿਲ੍ਹੇ ਅੰਦਰ ਲੈਵਲ-2 ਦੇ 1525 ਬੈਡਾਂ ਦੀ ਸਹੂਲਤ ਉਪਲੱਬਧ ਹੈ, ਜਿਨ੍ਹਾਂ ‘ਚੋਂ 1188 ਭਰੇ ਹੋਏ ਹਨ ਅਤੇ ਲੈਵਲ-3 ਸਹੂਲਤ ਦੇ 565 ਬੈਡਾਂ ‘ਚੋਂ 448 ਭਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਰੋਜ਼ਾਨਾ 10 ਹਜ਼ਾਰ ਕੋਵਿਡ ਸੈਂਪਲਿੰਗ ਦਾ ਟੀਚਾ ਹੈ ਤੇ 15 ਕੰਟੇਨਮੈਂਟ ਜੋਨ ਬਣਾਏ ਗਏ ਹਨ।
ਆਕਸੀਜਨ ਸਪਲਾਈ ਦੇ ਨੋਡਲ ਅਧਿਕਾਰੀ ਤੇ ਡਿਪਟੀ ਡਾਇਰੈਕਟਰ ਸਥਾਨਕ ਅਮਿਤ ਬੈਂਬੀ ਨੇ ਦੱਸਿਆ ਕਿ ਜ਼ਿਲ੍ਹੇ ‘ਚ 8 ਆਕਸੀਜਨ ਪਲਾਂਟ ਹਨ, ਜਿਨ੍ਹਾਂ ‘ਚੋਂ ਦੋ ਵਿੱਚ ਤਰਲ ਮੈਡੀਕਲ ਆਕਸੀਜਨ ਤੋਂ ਸਿਲੰਡਰ ਭਰੇ ਜਾਂਦੇ ਹਨ ਅਤੇ 6 ਪਲਾਂਟ ਹਵਾ ‘ਚੋਂ ਆਕਸੀਜਨ ਲੈਕੇ ਸਿਲੰਡਰ ਭਰਦੇ ਹਨ, ਜ਼ਿਲ੍ਹੇ ‘ਚ 3400 ਦੇ ਕਰੀਬ ਸਿਲੰਡਰਾਂ ਦੀ ਰੋਜ਼ਾਨਾ ਦੀ ਲੋੜ ਹੈ ਅਤੇ ਇਸ ‘ਚ 3 ਹਜ਼ਾਰ ਦੇ ਕਰੀਬ ਸਿਲੰਡਰਾਂ ਦੀ ਪੂਰਤੀ ਹੋ ਰਹੀ ਹੈ। ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸਵਾਤੀ ਟਿਵਾਣਾ ਨੇ ਦੱਸਿਆ ਕਿ ਲੁਧਿਆਣਾ ‘ਚ 23 ਸਮਸ਼ਾਨ ਘਾਟ ਹਨ, ਜਿਨ੍ਹਾਂ ‘ਚੋਂ 7 ਸਮਸ਼ਾਨਘਾਟ ਹੀ ਕੋਵਿਡ ਸੰਸਕਾਰਾਂ ਲਈ ਰਾਖਵੇ ਰੱਖੇ ਗਏ ਹਨ, ਜਿੱਥੇ 2 ਐਲ.ਪੀ.ਜੀ. ਅਧਾਰਤ ਤੇ ਬਾਕੀ ਲੱਕੜ ਵਾਲੇ ਹਨ, ਜਿਸ ‘ਤੇ ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਲੱਕੜ ਦੀ ਥਾਂ ਗੈਂਸ ਜਾਂ ਬਿਜਲਈ ਸੰਸਕਾਰ ਨੂੰ ਉਤਸ਼ਾਹਤ ਕੀਤਾ ਜਾਵੇ।
ਇਸ ਮੀਟਿੰਗ ‘ਚ ਐਸ ਐਸ ਪੀ ਖੰਨਾ ਅਤੇ ਜਗਰਾਓਂ, ਵਧੀਕ ਡਿਪਟੀ ਕਮਿਸ਼ਨਰ, ਐਸ.ਡੀ.ਐਮਜ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸ੍ਰੀ ਗੈਂਦ ਵੱਲੋਂ ਪਟਿਆਲਾ ਜ਼ਿਲ੍ਹੇ ਤੋਂ ਸ਼ੁਰੂ ਕੀਤੀ ਆਨ ਲਾਈਨ ਮੀਟਿੰਗ ਦੌਰਾਨ ਉਨ੍ਹਾਂ ਨੇ ਸੰਗਰੂਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੀ ਵੀ ਸਮੀਖਿਆ ਕੀਤੀ ਜਾ ਚੁੱਕੀ ਹੈ।
*****
ਫੋਟੋ ਕੈਪਸ਼ਨ- ਪਟਿਆਲਾ ਡਵੀਜਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਲੁਧਿਆਣਾ ਜ਼ਿਲ੍ਹੇ ‘ਚ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕਮਿਸ਼ਨਰ ਪੁਲਿਸ ਸ੍ਰੀ ਰਾਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਸਿਵਲ ਸਰਜਨ ਡਾ. ਕਿਰਨ ਗਿੱਲ ਨਾਲ ਆਨਲਾਈਨ ਮੀਟਿੰਗ ਕਰਦੇ ਹੋਏ।