ਡਿਪਟੀ ਕਮਿਸ਼ਨਰ ਨੇ ਕਣਕ ਦੇ ਨਾੜ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਨਿਊਜ਼ ਪੰਜਾਬ
ਤਰਨ ਤਾਰਨ, 05 ਮਈ :
ਕਣਕ ਦੇ ਨਾੜ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਵਾਉਣ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਤੋਂ 8 ਵਿਸ਼ੇਸ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਸ੍ਰੀ ਕੁਲਜੀਤ ਸਿੰਘ ਸੈਣੀ, ਡਾ. ਹਰਪਾਲ ਸਿੰਘ ਪੰਨੂੰ, ਡਾ. ਹਰਜਿੰਦਰ ਸਿੰਘ, ਡਾ. ਜਗਵਿੰਦਰ ਸਿੰਘ (ਖੇਤੀਬਾੜੀ ਅਫਸਰ) , ਡਾ. ਗੁਰਬੀਰ ਸਿੰਘ, ਡਾ. ਨਵਤੇਜ ਸਿੰਘ, ਡਾ. ਰੁਲਦਾ ਸਿੰਘ (ਖੇਤੀਬਾੜੀ ਵਿਕਾਸ ਅਫਸਰ), ਸ੍ਰੀ ਵਿਕਰਮ ਸੂਦ (ਪੀ. ਡੀ. ਆਤਮਾ) ਅਤੇ ਜਿਲੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।
ਇਹ ਜਾਗਰੂਕਤਾ ਵੈਨਾਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨਗੀਆਂ ਅਤੇ ਇਸ ਤੋ ਹੋਣ ਵਾਲੇ ਨੁਕਸਾਨ ਜਿਵੇਂ ਕਿ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣਾ, ਸੜਕੀ ਹਾਦਸਿਆਂ ਤੋਂ ਬਚਾਅ, ਮਿੱਤਰ ਕੀੜਿਆਂ ਦੀ ਸਾਂਭ-ਸੰਭਾਲ ਅਤੇ ਧਰਤੀ ਵਿਚਲੇ ਖੁਰਾਕੀ ਖੁਰਾਕੀ ਤੱਤਾਂ ਦੀ ਉਪਲੱਬਧਤਾ ਬਾਰੇ ਸੁਚੱਜੀ ਜਾਣਕਾਰੀ ਦਿੱਤੀ ਜਾਵੇਗੀ।ਇਹਨਾਂ ਵੈੱਨਾਂ ਦੇ ਨਾਲ ਖੇਤੀਬਾੜੀ ਵਿਭਾਗ ਤੋਂ 1 ਕਰਮਚਾਰੀ ਵੀ ਵੈਨਾਂ ਦੇ ਨਾਲ ਭੇਜਿਆ ਗਿਆ ਹੈ ਜੋ ਕਿ ਕਿਸਾਨਾਂ ਨੂੰ ਨਿੱਜੀ ਤੌਰ ‘ਤੇ ਮਿਲ ਕੇ ਜਾਗਰੂਕ ਕਰਨਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਨਾਲ ਸਭ ਤੋਂ ਵੱਧ ਨੁਕਸਾਨ ਕਿਸਾਨ ਦਾ ਹੀ ਹੁੰਦਾ ਹੈ। ਅੱਗ ਲਗਾਉਣ ਨਾਲ ਜਿੱਥੇ ਜ਼ਮੀਨ ਦੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ, ਉੱਥੇ ਕਿਸਾਨਾਂ ਦੇ ਮਿੱਤਰ ਕੀਟ ਅਤੇ ਖੇਤਾਂ ਵਿੱਚੋਂ ਰੁੱਖ ਮਰ ਜਾਂਦੇ ਹਨ। ਇਸ ਤੋਂ ਬਿਨਾਂ ਇਹ ਧੰੂਆ ਸਭ ਤੋਂ ਵੱਧ ਸਾਡੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਉਹਨਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜਨ ‘ਤੇ ਰੋਕ ਲਗਾਈ ਗਈ ਹੈ। ਇਸ ਸਬੰਧੀ ਅਜਿਹੀ ਕਿਸੇ ਵੀ ਘਟਨਾ ਦਾ ਪੂਰੀ ਸਟੀਕਤਾ ਨਾਲ ਪਤਾ ਲਗਾਉਣ ਲਈ ਉਪਗ੍ਰਹਿ ਰਾਹੀਂ ਖੇਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਵੀ ਅਜਿਹੀ ਘਟਨਾ ਵਾਪਰਦੀ ਹੈ, ਤੁਰੰਤ ਉਪਗ੍ਰਹਿ ਤੋਂ ਸਬੰਧਿਤ ਉਪ-ਮੰਡਲ ਦੀ ਜਾਂਚ ਕਮੇਟੀ ਨੂੰ ਸੁਨੇਹਾ ਆ ਜਾਂਦਾ ਹੈ।
ਉਹਨਾਂ ਕਿਹਾ ਕਿ ਜੋ ਕਿਸਾਨ ਕਣਕ ਦਾ ਨਾੜ ਸਾੜ ਰਹੇ ਹਨ, ਉਹਨਾਂ ਵਿਰੁੱਧ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਖਤ ਕਾਰਵਾਈ ਕਰਕੇ ਢੁਕਵਾਂ ਜੁਰਮਾਨਾ ਵੀ ਕੀਤਾ ਜਾਵੇਗਾ।ਇਸ ਲਈ ਕਿਸਾਨ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਅੱਗ ਲਗਾਉਣ ਤੋਂ ਗੁਰੇਜ਼ ਕਰਨ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਹੀ ਲਗਾਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਇਸ ਸੰਬੰਧੀ ਪ੍ਰੇਰਿਤ ਕਰਨ ਲਈ ਵਿਭਾਗ ਵੱਲੋ ਸੁਚਜੇ ਕਦਮ ਚੁੱਕੇ ਜਾ ਰਹੇ ਹਨ ਅਤੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।