ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੇ ਸਿਵਲ ਹਸਪਤਾਲ ਵਿਖੇ ਲਗਵਾਈ ਕਰੋਨਾ ਵੈਕਸੀਨ ਦੀ ਦੂਜੀ ਡੋਜ਼

ਨਿਊਜ਼ ਪੰਜਾਬ 

ਤਰਨ ਤਾਰਨ, 05 ਮਈ :
ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਵੀਰ ਅਗਨੀਹੋਤਰੀ ਨੇ ਅੱਜ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਾਉਣ ਉਪਰੰਤ ਕਿਹਾ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਤੇ ਅਸਰਦਾਰ ਹੈ ਅਤੇ 45 ਸਾਲ ਦੇ ਉਮਰ ਤੋਂ ਵੱਧ ਵਿਅਕਤੀ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ।
ਡਾ. ਧਰਮਵੀਰ ਅਗਨੀਹੋਤਰੀ ਨੇ ਕਿਹਾ ਕਿ ਇਸ ਵੈਕਸੀਨ ਦੇ ਕੋਈ ਵੀ ਬੁਰੇ ਪ੍ਰਭਾਵ ਨਹੀਂ ਹਨ, ਸਗੋਂ ਇਹ ਵੈਕਸੀਨ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪ੍ਰਭਾਵੀ ਹੈ । ਉਹਨਾਂ ਕਿਹਾ ਕਿ ਜੇਕਰ ਕੋਈ ਦਿਲ ਦੇ ਰੋਗਾਂ, ਸ਼ੂਗਰ ਜਾਂ ਕੋਈ ਹੋਰ ਗੰਭੀਰ ਬਿਮਾਰੀਆਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਕੋਵਿਡ-19 ਵੈਕਸੀਨ ਲਗਵਾਉਣਾ ਹੋਰ ਵੀ ਜ਼ਰੂਰੀ ਹੈ । ਜੇਕਰ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਦਵਾਈ  ਦਾ ਸੇਵਨ ਕਰ ਰਿਹਾ ਹੈ ਤਾਂ ਉਹ ਬਿਨ੍ਹਾਂ ਦਵਾਈ ਬੰਦ ਕੀਤੇ ਕੋਰੋਨਾ ਵੈਕਸੀਨ ਲਗਵਾ ਸਕਦਾ ਹੈ ।
ਉਹਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਤਰਨ ਤਾਰਨ ਵੱਲੋਂ ਵੱਖ-ਵੱਖ ਥਾਵਾਂ ‘ਤੇ ਕੋਰੋਨਾ ਸਬੰਧੀ ਟੀਕਾ ਲਗਾਉਣ ਲਈ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ । ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕਿਆ ਵਿੱਚ ਲੋਕਾਂ ਨੂੰ ਉਤਸ਼ਾਹਿਤ ਕਰਨ ਕਿ ਕੋਰੋਨਾ ਵੈਕਸੀਨ ਸੁਰੱਖਿਅਤ ਹੈ, 45 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਇਸ ਦਾ ਲਾਭ ਉਠਾ ਕੇ ਆਪਣੇ ਆਪ ਨੂੰ ਕੋਰੋਨਾ ਵਰਗੀ ਬਿਮਾਰੀ ਤੋਂ ਬਚਾ ਸਕਦੇ ਹਨ ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਲੋਕਾਂ ਨੂੰ ਸਮੇਂ  ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਦੀ ਦਿੱਤੀਆ ਹਦਾਇਤਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ । ਉਨ੍ਹਾਂ ਨੇ ਜ਼ਿਲ੍ਹੇ ਵਿੱਚ ਚੱਲ ਰਹੀ ਵੈਕਸੀਨੇਸ਼ਨ ਦੀ ਪ੍ਰਕਿਰਿਆ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਲੋਕਾਂ ਨੂੰ ਲੱਗਣ ਵਾਲੀ ਵੈਕਸੀਨੇਸ਼ਨ ਦਾ ਅੰਕੜਾ 99161 ਨੂੰ ਪਾਰ ਕਰ ਗਿਆ ਹੈ । ਸਿਵਲ ਸਰਜਨ ਤਰਨ ਤਾਰਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਲੋਕ ਵੈਕਸੀਨੇਸ਼ਨ ਕਰਵਾ ਰਹੇ ਹਨ, ਉਹ ਹੋਰ ਲੋਕਾਂ ਨੂੰ ਵੀ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਨ। ਇਸ ਮੌਕੇ ‘ਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਅਤੇ ਸੀਨੀਅਰ ਮੈਂਡੀਕਲ ਅਫਸਰ ਡਾ. ਸਵਰਨਜੀਤ ਧਵਨ ਮੌਜੂਦ ਸਨ ।