ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸਾਖੀ ਮੌਕੇ ਲੋਕਾਂ ਨੂੰ ਵਧਾਈ

ਨਿਊਜ਼ ਪੰਜਾਬ 

ਚੰਡੀਗੜ, ਅਪ੍ਰੈਲ 12:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਖਾਲਸਾ ਪੰਥ’ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ ਜੋ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪ੍ਰਤੀਕ ਹੈ।
ਵਿਸਾਖੀ ਸਬੰਧੀ ਇੱਕ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਦੀ ਯਾਦ ਦਿਵਾਉਂਦੇ ਹੋਏ ਇਹਨਾਂ ਰਵਾਇਤਾਂ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ।
ਉਹਨਾਂ ਯਾਦ ਕੀਤਾ ਕਿ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੰਨ 1699 ਵਿੱਚ ਇਸ ਪਵਿੱਤਰ ਦਿਹਾੜੇ ‘ਤੇ ਵੱਖ-ਵੱਖ ਜਾਤਾਂ ਦੇ ਲੋਕਾਂ ਵਿੱਚੋਂ ਪੰਜ ਪਿਆਰਿਆਂ ਨੂੰ ਚੁਣ ਕੇ ਅੰਮ੍ਰਿਤ ਦੀ ਦਾਤ ਬਖਸ਼ਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਖਾਲਸਾ ਪੰਥ’ ਦੀ ਕੀਤੀ ਸਥਾਪਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਸਾਜਨਾ ਨਾਲ ਇਕ ਸਮਾਨਤਾਵਾਦੀ ਸਮਾਜ ਦੀ ਨੀਂਹ ਰੱਖੀ ਗਈ ਅਤੇ ਇਸ ਨੇ ਸਾਨੂੰ ਮਨੁੱਖਤਾ ਲਈ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦਾ ਸੰਦੇਸ਼ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਸ ਮੌਕੇ ਪੰਜਾਬ ਦਾ ਮਿਹਨਤਕਸ਼ ਕਿਸਾਨ ਆਪਣੀ ਮਿਹਨਤ ਨਾਲ ਉਗਾਈ ਫ਼ਸਲ ਦੀ ਵਾਢੀ ਸ਼ੁਰੂ ਕਰਦਾ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਇਤਿਹਾਸਕ ਦਿਹਾੜਾ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਰਿਵਾਇਤਾਂ ਦੇ ਨਾਲ-ਨਾਲ ਕੋਵਿਡ-19 ਸਬੰਧੀ ਸਾਵਧਾਨੀ ਉਪਾਵਾਂ ਨਾਲ ਮਨਾਉਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ, “ਆਓ ਅਕਾਲ ਪੁਰਖ ਨੂੰ ਅਰਦਾਸ ਕਰੀਏ ਕਿ ਉਹ ਸਾਨੂੰ ਅਤੇ ਸਾਡੇ ਪੰਜਾਬ ਨੂੰ ਚੜ੍ਹਦੀਕਲਾ ਵਿੱਚ ਰੱਖਣ ਅਤੇ ਹਮੇਸ਼ਾ ਸਾਨੂੰ ਸੁਰੱਖਿਅਤ ਤੇ ਖੁਸ਼ ਰੱਖਣ।”