ਮੁੱਖ ਖ਼ਬਰਾਂਪੰਜਾਬ

ਰਾਜਪੁਰਾ ਦੇ ਵਿਅਕਤੀ ਨੂੰ 100 ਰੁਪਏ ਦੀ ਟਿਕਟ ’ਤੇ ਨਿਕਲਿਆ 1 ਕਰੋੜ ਦਾ ਇਨਾਮ

ਨਿਊਜ਼ ਪੰਜਾਬ 
ਚੰਡੀਗੜ੍ਹ, 12 ਅਪ੍ਰੈਲ:
ਪੰਜਾਬ ਸਟੇਟ ਡੀਅਰ 100 ਹਫ਼ਤਾਵਾਰੀ ਲਾਟਰੀ ਨੇ ਰਾਜਪੁਰਾ ਦੇ ਵਿਅਕਤੀ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਜਿਸਨੇ 100 ਰੁਪਏ ਦੀ ਲਾਟਰੀ ਟਿਕਟ ’ਤੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ।
ਠੇਕੇਦਾਰ ਦੇ ਤੌਰ ’ਤੇ ਕੰਮ ਕਰਦੇ ਟਿੰਕੂ ਕੁਮਾਰ ਨੇ ਇਨਾਮੀ ਰਾਸ਼ੀ ਲੈਣ ਲਈ ਸਟੇਟ ਲਾਟਰੀਜ਼ ਵਿਭਾਗ ਕੋਲ ਲਾਟਰੀ ਟਿਕਟ ਅਤੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਬਾਅਦ ਇੱਥੇ ਦੱਸਿਆ ਕਿ ਉਹ ਪਿਛਲੇ 15-16 ਸਾਲਾਂ ਤੋਂ ਪੰਜਾਬ ਸਰਕਾਰ ਦੀ ਲਾਟਰੀ ਦੀ ਟਿਕਟ ਖਰੀਦ ਰਿਹਾ ਸੀ ਅਤੇ ਆਖ਼ਿਰਕਾਰ ਕਿਸਮਤ ਉਸ ’ਤੇ ਮਿਹਰਬਾਨ ਹੋ ਹੀ ਗਈ। ਟਿੰਕੂ ਕੁਮਾਰ ਦੇ ਘਰ ਪਤਨੀ ਅਤੇ ਸਕੂਲ ਪੜ੍ਹਦੇ ਦੋ ਬੱਚੇ (ਇੱਕ ਲੜਕਾ ਅਤੇ ਇੱਕ ਲੜਕੀ) ਹਨ।
ਟਿੰਕੂ (38) ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕਰਨਾ ਚਾਹੁੰਦਾ ਹੈ, ਇਸ ਲਈ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਉੱਤੇ ਪੈਸਾ ਖਰਚ ਕਰੇਗਾ ਅਤੇ ਫਿਰ ਆਪਣੇ ਠੇਕੇਦਾਰੀ ਦੇ ਕਾਰੋਬਾਰ ਨੂੰ ਵਧਾਉਣ ਬਾਰੇ ਸੋਚੇਗਾ। ਪੰਜਾਬ ਰਾਜ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸ਼ੀ ਜਲਦ ਹੀ ਉਸਦੇ ਖ਼ਾਤੇ ਵਿੱਚ ਪਾ ਦਿੱਤੀ ਜਾਵੇਗੀ।