ਨਾਇਬ ਸ਼ਾਹੀ ਇਮਾਮ ਨੇ ਮੀਨਾ ਮਸਜਿਦ ਵਿਖੇ ਲੱਗੇ ਕੈਂਂਪ ਦੌਰਾਨ ਕਰਵਾਇਆ ਆਪਣਾ ਟੀਕਾਕਰਨ
ਨਿਊਜ਼ ਪੰਜਾਬ
ਲੁਧਿਆਣਾ, 12 ਅਪ੍ਰੈਲ – ਲੋਕਾਂ ਨੂੰ ਤਹਿਦਿਲ ਤੋਂ ਟੀਕਾਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ ਅੱਜ ਸ਼ਹਿਰ ਦੀ ਮੀਨਾ ਮਸਜਿਦ ਵਿੱਚ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ।
ਸ਼ਾਹੀ ਇਮਾਮ ਤੋਂ ਪ੍ਰੇਰਿਤ ਹੋ ਕੇ ਇਸ ਕੈਂਪ ਦੀ ਸ਼ੁਰੂਆਤ ਕਰਦਿਆਂ ਨਾਇਬ ਸ਼ਾਹੀ ਇਮਾਮ ਦੇ ਸੱਕਤਰ ਮੁਹੰਮਦ ਮੁਸਤਕੀਮ ਨੇ ਵੀ ਆਪਣਾ ਟੀਕਾ ਲਗਵਾਇਆ।
ਕੈਂਪ ਦੌਰਾਨ ਵਿਧਾਇਕ ਸ੍ਰੀ ਸੰਜੇ ਤਲਵਾੜ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ, ਮਸਜਿਦ ਦੇ ਪ੍ਰਧਾਨ ਮੁਹੰਮਦ ਨੌਸ਼ਾਦ ਅਤੇ ਹੈਪੀ ਰੰਧਾਵਾ ਵੀ ਮੌਜੂਦ ਸਨ।
ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਮਜ਼ਾਨ ਸ਼ਰੀਫ ਸ਼ੁਰੂ ਹੋਣ ਤੋਂ ਪਹਿਲਾਂ ਆਪਣਾ ਟੀਕਾਕਰਣ ਕਰਵਾਉਣ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦੇ ਸਮੂਹਿਕ ਯਤਨਾਂ ਸਦਕਾ ਅਸੀਂ ਸਾਰੇ ਤੰਦਰੁਸਤ ਅਤੇ ਕੋਵਿਡ ਮੁਕਤ ਭਾਰਤ ਸਿਰਜਣ ਲਈ ਯੋਗਦਾਨ ਪਾ ਸਕਦੇ ਹਾਂ।
ਵਿਧਾਇਕ ਸ੍ਰੀ ਸੰਜੇ ਤਲਵਾੜ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜੰਗੀ ਪੱਧਰ ‘ਤੇ ਟੀਕਾਕਰਨ ਕਰ ਰਿਹਾ ਹੈ ਅਤੇ ਮਹਾਂਮਾਰੀ ਦੇ ਵਿਰੁੱਧ ਲੜਾਈ ਵਿਚ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੇ ਇੱਕ-ਇੱਕ ਕੋਨੇ ਤੱਕ ਵੈਕਸੀਨ ਦੀ ਸਪਲਾਈ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਯੋਗ ਵਿਅਕਤੀਆਂ ਨੂੰ ਨਾ ਸਿਰਫ ਆਪਣਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ, ਸਗੋਂ ਇੱਕ ਰਾਸ਼ਟਰੀ ਜਿੰਮੇਵਾਰੀ ਸਮਝਦਿਆਂ ਆਪਣੇ ਹੋਰ ਯੋਗ ਸਾਥੀਆਂ ਦਾ ਵੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ।