ਭਾਰਤ ਚ ਪਿੱਛਲੇ 24 ਘੰਟਿਆਂ ਚ ਕਰੋਨਾ ਕੇਸਾਂ ਵਿੱਚ ਰਿਕਾਰਡ ਤੋੜ ਵਾਧਾ – 152879 ਨਵੇਂ ਕੇਸ

ਨਵੀਂ ਦਿੱਲੀ, 11 ਅਪਰੈਲ 

ਦੇਸ਼ ਵਿੱਚ ਕਰੋਨਾ ਲਾਗ ਦੇ ਇੱਕੋ ਦਿਨ ਰਿਕਾਰਡ 1,52,879 ਸੱਜਰੇ ਕੇਸ ਸਾਹਮਣੇ ਆਉਣ ਨਾਲ ਕੇਸਾਂ ਦੀ ਗਿਣਤੀ ਵਧ ਕੇ 1,33,58,805 ਹੋ ਗਈ ਹੈ। ਇਸੇ ਦੌਰਾਨ ਮਹਾਮਾਰੀ ਸ਼ੁਰੂ ਹੋਣ ਤੋਂ ਲੈ ਕੇ ਪਹਿਲੀ ਵਾਰ ਸਰਗਰਮ ਮਰੀਜ਼ਾਂ ਦਾ ਅੰਕੜਾ 11 ਲੱਖ ਤੋਂ ਪਾਰ ਹੋ ਗਿਆ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ 839 ਹੋਰ ਮੌਤਾਂ ਹੋਣ ਨਾਲ ਕਰੋਨਾ ਲਾਗ ਕਾਰਨ ਮ੍ਰਿਤਕਾਂ ਦਾ ਅੰਕੜਾ ਵਧ ਕੇ 1,69,275 ਹੋ ਗਿਆ ਹੈ। ਅੰਕੜਿਆਂ ਮੁਤਾਬਕ 18 ਅਕਤੂਬਰ 2020 ਤੋਂ ਬਾਅਦ ਇੱਕੋ ਦਿਨ ਹੋਈਆਂ ਇਹ ਸਭ ਤੋਂ ਵੱਧ ਮੌਤਾਂ ਹਨ।

ਮੰਤਰਾਲੇ ਨੇ ਦੱਸਿਆ ਕਿ ਲਗਾਤਾਰ 32ਵੇਂ ਦਿਨ ਦਰਜ ਵਾਧੇ ਨਾਲ ਦੇਸ਼ ’ਚ ਕਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਵਧ ਕੇ 11,08,087 ਹੋ ਗਈ ਹੈ। ਇਹ ਕੁੱਲ ਕੇਸਾਂ ਦਾ 8.29 ਫ਼ੀਸਦੀ ਹਿੱਸਾ ਹਨ। ਇਸ ਤੋਂ ਪਹਿਲਾਂ ਦੇਸ਼ ’ਚ ਸਭ ਤੋਂ ਵੱਧ 10,17,754 ਸਰਗਰਮ ਕੇਸ 18 ਸਤੰਬਰ 2020 ਨੂੰ ਦਰਜ ਕੀਤੇ ਗਏ ਸਨ। ਜਦਕਿ 2 ਫਰਵਰੀ 2021 ਨੂੰ ਇਹ ਕੇੇਸ ਆਪਣੇ ਹੇਠਲੇ ਪੱਧਰ ’ਤੇ 1,35,926 ਦਰਜ ਕੀਤੇ ਗਏ ਸਨ। ਇਸੇ ਦੌਰਾਨ ਸਿਹਤਯਾਬੀ ਦਰ ਘਟ ਕੇ 90.44 ’ਤੇ ਆ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤੱਕ 1,20,81,443 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ। ਮੌਤ ਦਰ ਵੀ ਘਟ ਕੇ 1.27 ਫ਼ੀਸਦ ’ਤੇ ਆ ਗਈ ਹੈ। -ਪੀਟੀਆਈ