ਬਾਇਡਨ ਨੇ ਰਾਸ਼ਟਰਪਤੀ ਵਜੋਂ ਹਲਫ ਲੈਂਦਿਆਂ ਹੀ ਟਰੰਪ ਦੇ ਕਈ ਅਹਿਮ ਫੈਸਲੇ ਉਲਟਾਏ

ਵਾਸ਼ਿੰਗਟਨ, 21 ਜਨਵਰੀ

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦੇ ਦਾ ਹਲਫ਼ ਲੈਣ ਤੋਂ ਫੌਰੀ ਮਗਰੋਂ 15 ਕਾਰਜਕਾਰੀ ਹੁਕਮਾਂ ’ਤੇ ਸਹੀ ਪਾਉਂਦਿਆਂ ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਲਏ ਵਿਦੇਸ਼ ਨੀਤੀ ਤੇ ਕੌਮੀ ਸੁਰੱਖਿਆ ਨਾਲ ਜੁੜੇ ਕਈ ਅਹਿਮ ਫੈਸਲਿਆਂ ਨੂੰ ਪਲਟਾ ਦਿੱਤਾ ਹੈ। ਇਨ੍ਹਾਂ ਕਾਰਜਕਾਰੀ ਹੁਕਮਾਂ ਵਿੱਚ ਵਾਤਾਵਰਨ ਤਬਦੀਲੀ ਬਾਰੇ ਪੈਰਿਸ ਕਰਾਰ ’ਚ ਮੁੜ ਸ਼ਾਮਲ ਹੋਣਾ, ਵਿਸ਼ਵ ਸਿਹਤ ਸੰਸਥਾ ’ਚੋਂ ਅਮਰੀਕਾ ਦੇ ਲਾਂਭੇ ਹੋਣ ਦੇ ਅਮਲ ਨੂੰ ਰੋਕਣਾ, ਮੁਸਲਿਮ ਦੇਸ਼ਾਂ ’ਤੇ ਲੱਗੀਆਂ ਯਾਤਰਾ ਪਾਬੰਦੀਆਂ ਨੂੰ ਹਟਾਉਣਾ ਅਤੇ ਮੈਕਸਿਕੋ ਸਰਹੱਦ ’ਤੇ ਕੰਧ ਉਸਾਰੀ ਨੂੰ ਤੁਰੰਤ ਬੰਦ ਕਰਨਾ ਸ਼ਾਮਲ ਹਨ। ਇਸ ਦੌਰਾਨ ਬਾਇਡਨ ਨੇ ਵਿਆਪਕ ਇਮੀਗ੍ਰੇਸ਼ਨ ਸੁਧਾਰ ਬਿੱਲ ਨੂੰ ਵੀ ਸਦਨ ਵਿੱਚ ਭੇਜ ਦਿੱਤਾ ਹੈ। ਬਾਇਡਨ ਪ੍ਰਸ਼ਾਸਨ ਦੀ ਇਸ ਪੇਸ਼ਕਦਮੀ ਦਾ ਉਨ੍ਹਾਂ ਹਜ਼ਾਰਾਂ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਲਾਹਾ ਮਿਲੇਗਾ, ਜੋ ਪਿਛਲੇ ਕਈ ਦਹਾਕਿਆਂ ਤੋਂ ਸਥਾਈ ਨਾਗਰਿਕਤਾ ਦੀ ਉਡੀਕ ਵਿੱਚ ਹਨ। ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨ ਤੋਂ ਬਾਅਦ ਬਾਇਡਨ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿੱਚ ਪੱਤਰਕਾਰਾਂ ਨੂੰ ਕਿਹਾ, ‘ਮੈਨੂੰ ਅੱਜ ਦੇ ਕਾਰਜਕਾਰੀ ਕਦਮਾਂ ’ਤੇ ਮਾਣ ਹੈ। ਅਤੇ ਮੈਂ ਅਮਰੀਕੀ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਕੇ ਇਸ ਦੀ ਸ਼ੁਰੂਆਤ ਕੀਤੀ ਹੈ। ਇਹ ਮਹਿਜ਼ ਕਾਰਜਕਾਰੀ ਹੁਕਮ ਹਨ। ਇਹ ਵੀ ਅਹਿਮ ਹਨ, ਪਰ ਸਾਨੂੰ ਅਜੇ ਕਈ ਕੰਮ, ਜੋ ਅਸੀਂ ਪੂਰੇ ਕਰਨੇ ਹਨ, ਲਈ ਕਾਨੂੰਨਾਂ ਦੀ ਲੋੜ ਹੈ। ਹਾਲੇ ਸਫ਼ਰ ਲੰਮਾ ਹੈ।’ ਬਾਇਡਨ ਦਾ ਪਹਿਲਾ ਕਾਰਜਕਾਰੀ ਹੁਕਮ 100 ਦਿਨਾਂ ਲਈ ਮਾਸਕ ਲਾਉਣ ਦੀ ਅਪੀਲ ਵਾਲਾ ਸੀ। ਅਮਰੀਕੀ ਸਦਰ ਨੇ ਕਿਹਾ ਕਿ ਉਹ ਅਗਲੇ ਕੁਝ ਦਿਨਾਂ ’ਚ ਹੋਰ ਕਈ ਕਾਰਜਕਾਰੀ ਹੁਕਮਾਂ ’ਤੇ ਸਹੀ ਪਾਉਣਗੇ। ਬਾਇਡਨ ਨੇ ਟਰੰਪ ਪ੍ਰਸ਼ਾਸਨ ਦੀ ਉਸ ਹਾਲੀਆ ਰਿਪੋਰਟ ਨੂੰ ਵੀ ਮਨਸੂਖ ਕਰ ਦਿੱਤਾ, ਜਿਸ ਵਿੱਚ ਸਕੂਲਾਂ ’ਚ ‘ਦੇਸ਼ਭਗਤੀ ਨਾਲ ਜੁੜੀ ਸਿੱਖਿਆ’ ਦੇ ਪ੍ਰਚਾਰ ਪਾਸਾਰ ਦੀ ਵਕਾਲਤ ਕੀਤੀ ਗਈ ਸੀ। ਇਸ ਦੌਰਾਨ ਭਾਰਤੀ-ਅਮਰੀਕੀਆਂ ਨੇ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਅਮਰੀਕੀ ਪ੍ਰਸ਼ਾਸਨ ਦੀ ਕਮਾਨ ਸੰਭਾਲੇ ਜਾਣ ਦਾ ਜਸ਼ਨ ਮਨਾਉਂਦਿਆਂ ਇਸ ਨੂੰ ‘ਇਤਿਹਾਸਕ ਪਲ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪਲ ਇਸ ਗੱਲ ਦੀ ਤਸਦੀਕ ਵੀ ਹੈ ਕਿ ਅਮਰੀਕਾ ‘ਅਸੀਮਤ’ ਮੌਕੇ ਦੇਣ ਵਿੱਚ ਸਭ ਤੋਂ ਉੱੱਤਮ ਹੈ।