ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹੋਈ ਮੌਕ ਡਰਿੱਲ

 ਵੱਖ-ਵੱਖ ਵਿਭਾਗਾਂ ਨੇ ਲਿਆ ਮੌਕ ਡਰਿੱਲ ‘ਚ ਹਿੱਸਾ
-ਹੋਰ ਮੌਕ ਡਰਿੱਲਾਂ ਵੀ ਕੀਤੀਆਂ ਜਾਣਗੀਆਂ, ਲੋਕ ਸਹਿਯੋਗ ਕਰਨ-ਡਿਪਟੀ ਕਮਿਸ਼ਨਰ

ਸ੍ਰੀ ਮਾਛੀਵਾੜਾ ਸਾਹਿਬ/ਲੁਧਿਆਣਾ, 14 ਮਾਰਚ ( ਨਿਊਜ਼ ਪੰਜਾਬ )-ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਇਹਤਿਆਤੀ ਕਦਮਾਂ ਵਜੋਂ ਅੱਜ ਜ਼ਿਲਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਪਿੰਡ ਰੱਤੀਪੁਰ (ਨੇੜੇ ਸ੍ਰੀ ਮਾਛੀਵਾੜਾ ਸਾਹਿਬ) ਵਿੱਚ ਮੌਕ ਡਰਿੱਲ ਕਰਵਾਈ ਗਈ ਜਿਸ ਦੌਰਾਨ ਕੋਰੋਨਾ ਵਾਇਰਸ ਦੇ ਫੈਲਾਅ ਮੌਕੇ ਤੁਰੰਤ ਚੁੱਕੇ ਜਾਣ ਵਾਲੇ ਕਦਮਾਂ ਦਾ ਅਭਿਆਸ ਕੀਤਾ ਗਿਆ,  ਜਿਸ ਵਿੱਚ ਸਿਵਲ,ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਮੌਕ ਡਰਿੱਲ ਵਿੱਚ ਭਾਗ ਲਿਆ ਗਿਆ।
ਇਨ੍ਹਾਂ  ਟੀਮਾਂ ਵਲੋਂ ਇਲਾਕੇ ਦੇ ਘਰਾਂ ਵਿੱਚ ਜਾ ਕੇ ਲੋਕਾਂ ਦੀ ਸਿਹਤ ਅਤੇ ਹੋਰਨਾਂ ਪੱਖਾਂ ਦਾ ਮੁਲੰਕਣ ਕੀਤਾ ਗਿਆ। ਟੀਮਾਂ ਵਲੋਂ ਘਰਾਂ ਵਿੱਚ ਕਿਸੇ ਵਿਅਕਤੀ ਦੇ ਬਿਮਾਰ ਹੋਣ ਜਾਂ ਖੰਘ, ਜੁਕਾਮ ਆਦਿ ਹੋਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਇਨ੍ਹਾਂ  ਟੀਮਾਂ ਵਿੱਚ ਸੈਨੇਟਰੀ ਇੰਸਪੈਕਟਰ, ਸਿਹਤ ਵਰਕਰ, ਆਸ਼ਾ ਵਰਕਰ ਅਤੇ ਪੁਲਿਸ ਦੀ ਤਰਫੋਂ ਨਾਨ ਗਜ਼ਟਿਡ ਅਧਿਕਾਰੀ ਤੋਂ ਇਲਾਵਾ ਮਹਿਲਾ ਅਤੇ ਮਰਦ ਪੁਲਿਸ ਕਰਮੀ ਸ਼ਾਮਿਲ ਸਨ। ਉਨ੍ਹਾਂ ਪਿੰਡ ਵਿੱਚ ਵਿਦੇਸ਼ ਤੋਂ ਪਰਤੇ ਜਾਂ ਵਿਦੇਸ਼ੀ ਨਾਗਰਿਕਾਂ ਦੇ ਸੰਪਰਕ ਵਿੱਚ ਰਹੇ ਵਿਅਕਤੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ। ਟੀਮਾਂ ਵਲੋਂ ਵਾਇਰਸ ਤੋਂ ਪ੍ਰਭਾਵਿਤ (ਫਰਜ਼ੀ ਤੌਰ ‘ਤੇ ਤਿਆਰ ਕੀਤੇ) ਮਰੀਜ਼ਾਂ ਨੂੰ ਐਂਬਲੈਂਸ ਰਾਹੀਂ ਨਿਰਧਾਰਿਤ ਆਈਸੋਲੇਸ਼ਨ ਵਾਰਡਾਂ ਵਿੱਚ ਭੇਜਿਆ ਗਿਆ।
ਇਸ ਮੌਕੇ ਐੱਸ. ਡੀ. ਐੱਮ. ਸਮਰਾਲਾ ਸ੍ਰੀਮਤੀ ਗੀਤਿਕਾ ਸਿੰਘ ਮੌਕ ਡਰਿੱਲ ਦੀ ਅਗਵਾਈ ਕਰ ਰਹੇ ਸਨ, ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਗਠਿਤ ਕੀਤੀਆਂ ਰੈਪਿਡ ਰਿਸਪੋਂਸ ਟੀਮਾਂ ਦੀ ਕਾਰਗੁਜ਼ਾਰੀ ਨੂੰ ਪਰਖਣ ਲਈ ਮੌਕ ਡਰਿੱਲ ਬਹੁਤ ਅਹਿਮ ਹੈ।ਉਨ੍ਹਾਂ  ਕਿਹਾ ਕਿ ਮੌਕ ਡਰਿੱਲ ਦਾ ਮੁੱਖ ਮੰਤਵ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਣਾ ਹੈ।ਉਨ੍ਹਾਂ ਦੱਸਿਆ ਕਿ ਜ਼ਿਲਾ  ਪ੍ਰਸ਼ਾਸਨ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਲੱਛਣਾ ਅਤੇ ਇਸ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ  ਕਿਹਾ ਕਿ ਜਿਲੇ  ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਵਿੱਚ ਹੋਰ ਪਿੰਡਾਂ ਅਤੇ ਇਲਾਕਿਆਂ ਵਿੱਚ ਵੀ ਅਜਿਹੀਆਂ ਮੌਕ ਡਰਿੱਲਾਂ ਕਰਵਾਈਆਂ ਜਾਣਗੀਆਂ। ਉਨ੍ਹਾਂ  ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੌਕ ਡਰਿੱਲਾਂ ਤੋਂ ਘਬਰਾਉਣ ਨਾ, ਬਲਕਿ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹਿਯੋਗ ਕਰਨ।