ਪੰਜਾਬ ਸਰਕਾਰ ਵੱਲੋਂ ਤਿੰਨ ਆਈਪੀਐਸ ਅਧਿਕਾਰੀਆਂ ਡਾਇਰੈਕਟਰ ਜਨਰਲ ਆਫ਼ ਪੁਲਿਸ ਵਜੋਂ ਪਦ-ਉੱਨਤ

ਨਿਊਜ਼ ਪੰਜਾਬ 
ਚੰਡੀਗੜ੍ਹ, 1 ਜਨਵਰੀ: ਪੰਜਾਬ ਸਰਕਾਰ ਨੇ ਅੱਜ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਰੈਂਕ ਦੇ ਤਿੰਨ ਆਈਪੀਐਸ ਅਧਿਕਾਰੀਆਂ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਵਜੋਂ ਪਦ-ਉੱਨਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਸਰਕਾਰ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਏਡੀਜੀਪੀ ਸ੍ਰੀ ਬੀ.ਕੇ. ਉੱਪਲ, ਸ੍ਰੀ ਸੰਜੀਵ ਕਾਲੜਾ ਅਤੇ ਸ੍ਰੀ ਪਰਾਗ ਜੈਨ ਨੂੰ 1 ਜਨਵਰੀ 2021 ਤੋਂ ਪੇਅ ਮੈਟ੍ਰਿਕਸ ਦੇ ਲੈਵਲ 16 ਵਿੱਚ ਡੀਜੀਪੀ ਦੇ ਅਹੁਦੇ ਲਈ ਤਰੱਕੀ ਦਿੱਤੀ ਹੈ।
ਉਹਨਾਂ ਅੱਗੇ ਦੱਸਿਆ ਕਿ ਸ੍ਰੀ ਪਰਾਗ ਜੈਨ ਆਈਪੀਐਸ, ਜੋ ਇਸ ਸਮੇਂ ਕੈਬਨਿਟ ਸਕੱਤਰੇਤ, ਨਵੀਂ ਦਿੱਲੀ ਵਿਖੇ ਕੇਂਦਰੀ ਡੈਪੂਟੇਸ਼ਨ ‘ਤੇ ਹਨ, ਸਿਰਫ ਅਨੁਮਾਨਿਤ ਲਾਭਾਂ ਦੇ ਹੱਕਦਾਰ ਹੋਣਗੇ ਅਤੇ ਅਸਲ ਲਾਭ ਉਸ ਸਮੇਂ ਮੰਨਣਯੋਗ ਹੋਣਗੇ ਜਦੋਂ ਉਹ ਸੂਬਾ ਸਰਕਾਰ ਵਿਚ ਆਪਣੀ ਡਿਊਟੀ ‘ਤੇ ਤਾਇਨਾਤ ਹੋਣਗੇ।
ਜ਼ਿਕਰਯੋਗ ਹੈ ਕਿ ਸ੍ਰੀ ਸੰਜੀਵ ਕਾਲੜਾ ਪਟਿਆਲਾ ਵਿਖੇ ਏਡੀਜੀਪੀ ਰੇਲਵੇਜ ਵਜੋਂ ਤਾਇਨਾਤ ਹਨ ਅਤੇ ਸ੍ਰੀ ਬੀ.ਕੇ. ਉੱਪਲ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ।