ਲਕਸ਼ਮੀ ਵਿਲਾਸ ਬੈਂਕ ਦਾ ਪ੍ਰਬੰਧ RBI ਨੇ ਆਪਣੇ ਹੇਠ ਲਿਆ , 1 ਮਹੀਨੇ ਲਈ ਪਾਬੰਦੀਆਂ ਲਗਾਈਆਂ

ਨਿਊਜ਼ ਪੰਜਾਬ

ਨਵੀਂ ਦਿੱਲੀ, 17 ਨਵੰਬਰ : ਕੇਂਦਰ ਸਰਕਾਰ ਨੇ ਤਾਮਿਲਨਾਡੂ ਦੇ ਡੁਬਣ ਕਿਨਾਰੇ ਪੰਹੁਚੇ ਪ੍ਰਾਈਵੇਟ ਸੈਕਟਰ ਦੇ ਲਕਸ਼ਮੀ ਵਿਲਾਸ ਬੈਂਕ ’ਤੇ ਇਕ ਮਹੀਨੇ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਬੈਂਕ ਪਿੱਛਲੀਆਂ 10 ਤਿਮਾਹੀਆਂ ਤੋਂ ਘਾਟੇ ’ਚ ਚਲ ਰਿਹਾ ਹੈ ਅਤੇ ਆਰਬੀਆਈ ਨੇ ਪਿਛਲੇ ਸਾਲ ਸਤੰਬਰ ’ਚ ਐਕਸ਼ਨ ਦੀ ਸ਼ੁਰੂਆਤ ਕੀਤੀ ਸੀ। ਕਰਜ਼ ਵਸੂਲੀ ’ਚ ਨਾਕਾਮ ਰਹਿਣ ਅਤੇ ਵਧਦੇ ਐਨਪੀਏ ਦੀ ਵਜ੍ਹਾਂ ਨਾਲ ਆਰਬੀਆਈ ਨੇ ਸਤੰਬਰ 2019 ’ਚ ਇਸ ਬੈਂਕ ਨੂੰ ਪੀਸੀਏ ਢਾਂਚੇ ’ਚ ਪਾ ਦਿੱਤਾ ਸੀ। ਆਰਬੀਆਈ ਨੇ ਹਾਲ ਹੀ ’ਚ ਇਸ ਬੈਕ ਦਾ ਜਿੱਮਾ ਆਪਣੇ ਹੱਥ ਲੈ ਲਿਆ ਸੀ। ਬੈਕ ਦੇ ਸੰਚਾਲਨ ਲਈ 3 ਮੈਂਬਰੀ ਕਮੇਟੀ ਬਣਾਈ ਗਈ ਸੀ। ਸਰਕਾਰ ਨੇ ਬੈਂਕ ਦੇ ਬੋਰਡ ਨੂੰ ਸੂਪਰਸੀਡ ਕਰ ਦਿੱਤਾ ਅਤੇ ਪੈਸੇ ਕਢਾਉਣ ਦੀ ਸੀਮਾ ਤੈਅ ਕਰ ਦਿੱਤੀ ਗਈ ਹੈ। ਇਸ ਬੈਂਕ ਦੇ ਖਾਤਾ ਧਾਰਕ ਹੁਣ 16 ਦਸੰਬਰ ਤੱਕ ਬੈਂਕ ’ਚੋਂ ਵੱਧ ਤੋਂ ਵੱਧ 25 ਹਜ਼ਾਰ ਰੁਪਏ ਹੀ ਕਢਵਾ ਸਕਣਗੇ। ਸਰਕਾਰ ਨੇ ਰਿਜ਼ਰਵ ਬੈਂਕ ਦੀ ਸਲਾਹ ’ਤੇ ਇਹ ਕਦਮ ਚੁੱਕਿਆ ਹੈ। ਦਸੱਣਾ ਬਣਦਾ ਹੈ ਕਿ ਕੁਝ ਮਹੀਨੇ ਪਹਿਲਾਂ ਬੈਂਕ ਦੇ ਸ਼ੇਅਰ ਧਾਰਕਾਂ ਦੀ ਸਾਲਾਨਾ ਜਨਰਲ ਮੀਟਿੰਗ ’ਚ ਵੋਟ ਦੇ ਆਧਾਰ ’ਤੇ ਬੈਂਕ ਦੇ ਐਮਡੀ, ਸੀਈਓ ਸਮੇਤ 7 ਡਾਇਰੈਕਟਰਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ। ਇਹ ਬੈਂਕ ਕਾਫੀ ਸਮੇਂ ਤੋਂ ਸੰਕਟ ਨਾਲ ਜੂਝ ਰਿਹਾ ਹੈ ਤੇ ਇਸ ਦੇ ਲਈ ਅੱਛੇ ਨਿਵੇਸ਼ਕਾਂ ਦੀ ਭਾਲ ਕੀਤੀ ਜਾ ਰਹੀ ਹੈ। ਅੰਕੜਿਆਂ ਮੁਤਾਬਕ ਜੂਨ ਤਿਮਾਹੀ ’ਚ ਬੈਂਕ ਕੋਲ ਕੁੱਲ ਜਮਾਂ ਪੂੰਜੀ 21,161 ਕਰੋੜ ਰੁਪਏ ਸੀ। ਇਸ ਬੈਂਕ ਦਾ ਗਠਨ 1926 ’ਚ ਹੋਇਆ ਸੀ। ਦੇਸ਼ ਭਰ ’ਚ ਬੈਂਕ ਦੀਆਂ 16 ਰਾਜਾਂ ’ਚ 566 ਬਰਾਚਾਂ ਤੇ 918 ਏਟੀਐਮ ਚਲ ਰਹੇ ਹਨ। ਬੈਂਕ ਨੇ ਆਪਣੇ ਗਾਹਕਾਂ ਨੂੰ ਭਰੋਸਾ ਦਿੱਤਾ ਸੀ ਕਿ ਮੌਜੂਦਾ ਸੰਕਟ ਦਾ ਉਨ੍ਹਾਂ ਦੀ ਜਮਾਂ ਰਾਸ਼ੀ ’ਤੇ ਕੋਈ ਅਸਰ ਨਹੀਂ ਪਵੇਗਾ। ਬੈਂਕ ਨੇ ਪਹਿਲਾਂ ਇੰਡੀਆ ਬੁਲਜ਼ ਨਾਲ ਰਲੇਵੇਂ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਆਰਬੀਆਈ ਤੋਂ ਮਨਜ਼ੂਰੀ ਨਹੀਂ ਮਿਲੀ ਸੀ।