ਯਸ਼ਵਰਧਨ ਬਣੇ ਦੇਸ਼ ਦੇ ਨਵੇਂ ਮੁੱਖ ਸੂਚਨਾ ਕਮਿਸ਼ਨਰ, ਰਾਸ਼ਟਰਪਤੀ ਨੇ ਚੁਕਾਈ ਸਹੁੰ
ਨਵੀਂ ਦਿੱਲੀ, 7 ਨਵੰਬਰ (ਨਿਊਜ਼ ਪੰਜਾਬ) : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਮੁੱਖ ਕਮਿਸ਼ਨਰ ਯਸ਼ਵਰਧਨ ਕੁਮਾਰ ਸਿਨਹਾ (ਸੀ.ਆਈ.ਸੀ.) ਨੂੰ ਮੁੱਖ ਸੂਚਨਾ ਕਮਿਸ਼ਨਰ ਦੇ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਭਵਨ ਵਿਖੇ ਹੋਏ ਇੱਕ ਸਮਾਰੋਹ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਯਸ਼ਵਰਧਨ ਕੁਮਾਰ ਸਿਨਹਾ ਨੂੰ ਕੇਂਦਰੀ ਸੂਚਨਾ ਕਮਿਸ਼ਨ ਵਿੱਚ ਮੁੱਖ ਸੂਚਨਾ ਕਮਿਸ਼ਨਰ ਦੇ ਅਹੁਦੇ ਦੀ ਸਹੁੰ ਚੁਕਾਈ। ਕੋਵਿਡ -19 ਦੇ ਮੱਦੇਨਜ਼ਰ ਸਮਾਜਿਕ ਦੂਰੀਆਂ ਦੀ ਪਾਲਣਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀ ਵੀ ਇਸ ਮੌਕੇ ਮੌਜੂਦ ਸਨ। ਸਿਨਹਾ ਦਾ ਕਾਰਜਕਾਲ ਤਿੰਨ ਸਾਲਾਂ ਦਾ ਹੋਵੇਗਾ। ਇਹ ਅਹੁਦਾ 26 ਅਗਸਤ ਨੂੰ ਬਿਮਲ ਜੁਲਕਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਖਾਲੀ ਸੀ। ਸਾਬਕਾ ਭਾਰਤੀ ਵਿਦੇਸ਼ੀ ਸੇਵਾ (ਆਈ.ਐਫ.ਐਸ) ਅਧਿਕਾਰੀ ਯਸ਼ਵਰਧਨ ਕੁਮਾਰ ਸਿਨਹਾ ਨੇ 1 ਜਨਵਰੀ 2019 ਨੂੰ ਕਮਿਸ਼ਨ ਵਿੱਚ ਸੂਚਨਾ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਬ੍ਰਿਟੇਨ ਅਤੇ ਸ੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਵੀ ਸੇਵਾਵਾਂ ਨਿਭਾਈਆਂ ਹਨ।