ਬਰਨਾਲਾ ‘ਚ ਰੇਲਵੇ ਟਰੈਕ ਦੀ ਚੈਕਿੰਗ ਦੌਰਾਨ ਪਲਟੀ ਰੇਲਵੇ ਮੋਟਰ ਟਰਾਲੀ, ਐਸ. ਐਸ. ਪੀ. ਅਤੇ ਐਸ. ਪੀ. ਗੰਭੀਰ ਜ਼ਖ਼ਮੀ

ਬਰਨਾਲਾ, 6 ਨਵੰਬਰ (ਨਿਊਜ਼ ਪੰਜਾਬ)- ਬਰਨਾਲਾ ਰੇਲਵੇ ਸਟੇਸ਼ਨ ਤੋਂ ਤਪਾ ਵੱਲ ਰੇਲਵੇ ਟਰੈਕ ਦੀ ਰੇਲਵੇ ਮੋਟਰ ਟਰਾਲੀ ਰਾਹੀਂ ਚੈਕਿੰਗ ਕਰਨ ਜਾ ਰਹੇ ਐਸ. ਐਸ. ਪੀ. ਸੰਦੀਪ ਗੋਇਲ ਅਤੇ ਐਸ.ਪੀ. ਜਗਵਿੰਦਰ ਸਿੰਘ ਚੀਮਾ ਟਰਾਲੀ ਪਲਟਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਰੇਲਵੇ ਮੋਟਰ ਟਰਾਲੀ ‘ਤੇ ਬੈਠੇ ਰੇਲਵੇ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ‘ਤੇ ਰੇਲਵੇ ਮੋਟਰ ਟਰਾਲੀ ‘ਤੇ ਬੈਠ ਕੇ ਐਸ. ਐਸ. ਪੀ. ਸੰਦੀਪ ਗੋਇਲ ਅਤੇ ਐਸ. ਪੀ. ਜਗਵਿੰਦਰ ਸਿੰਘ ਚੀਮਾ ਰੇਲਵੇ ਅਧਿਕਾਰੀਆਂ ਸਮੇਤ ਕਿਸਾਨਾਂ ਵਲੋਂ ਰੇਲਵੇ ਟਰੈਕਾਂ ‘ਤੇ ਦਿੱਤੇ ਧਰਨੇ ਹਟਾਉਣ ਤੋਂ ਬਾਅਦ ਰੇਲਵੇ ਟਰੈਕ ਦੀ ਚੈਕਿੰਗ ਕਰ ਰਹੇ ਸੀ ਤਾਂ ਅਚਾਨਕ ਹੀ ਟਰਾਲੀ ਦਾ ਟਾਇਰ ਨਿਕਲ ਗਿਆ ਅਤੇ ਟਰਾਲੀ ਪਲਟ ਗਈ ਜਿਸ ਕਾਰਨ ਐਸ. ਐਸ. ਪੀ. ਅਤੇ ਐਸ. ਪੀ. ਦੋਵੇਂ ਜਣੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ. ਪੀ.(ਐਚ) ਹਰਵੰਤ ਕੌਰ, ਡੀ. ਐਸ. ਪੀ. ਲਖਵੀਰ ਸਿੰਘ ਟਿਵਾਣਾ, ਥਾਣਾ ਸਦਰ ਦੇ ਐਸ. ਐਚ. ਓ. ਬਲਜੀਤ ਸਿੰਘ ਢਿੱਲੋਂ, ਸਬ ਇੰਸਪੈਕਟਰ ਇਕਬਾਲ ਸਿੰਘ ਪੁਲਿਸ ਪਾਰਟੀ ਸਮੇਤ ਹਸਪਤਾਲ ਪੁੱਜ ਗਏ।