ਪਿੰਡ ਦੇਵੀਨਗਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਇਕ ਔਰਤ ਗ੍ਰਿਫ਼ਤਾਰ
ਡੇਰਾਬੱਸੀ, 6 ਨਵੰਬਰ (ਨਿਊਜ਼ ਪੰਜਾਬ)- ਪਿੰਡ ਦੇਵੀਨਗਰ ਵਿਖੇ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕਰਨ ਦੇ ਮਾਮਲੇ ‘ਚ ਪੁਲਿਸ ਨੇ ਇਕ ਔਰਤ ਨੂੰ ਕਾਬੂ ਕੀਤਾ ਹੈ ਅਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਐਸ. ਐਸ. ਪੀ. ਮੁਹਾਲੀ ਸਤਿੰਦਰ ਸਿੰਘ ਪਿੰਡ ਦੇਵੀਨਗਰ ਪਹੁੰਚੇ ਅਤੇ ਉਨ੍ਹਾਂ ਪਿੰਡ ਵਾਸੀਆਂ ਸਮੇਤ ਮੌਕੇ ‘ਤੇ ਮੌਜੂਦ ਸਿੱਖ ਸੰਗਤ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਗ੍ਰਿਫ਼ਤਾਰ ਕੀਤੀ ਔਰਤ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੇਅਦਬੀ ਕਰਨ ਵਾਲੀ ਔਰਤ ਦੀ ਪਹਿਚਾਣ 32 ਸਾਲਾ ਰਣਜੀਤ ਕੌਰ ਦੇ ਰੂਪ ਵਿਚ ਹੋਈ ਹੈ, ਜਿਸ ਦੇ 2 ਬੱਚੇ ਵੀ ਹਨ। ਔਰਤ ਪਿੰਡ ਦੇਵੀਨਗਰ ‘ਚ ਹੀ ਆਪਣੀ ਮਾਂ ਕੋਲ ਰਹਿੰਦੀ ਹੈ ਅਤੇ ਉਸ ਦੇ ਪਰਿਵਾਰ ਮੁਤਾਬਕ ਔਰਤ ਮਾਨਸਿਕ ਤੌਰ ‘ਤੇ ਬਿਮਾਰ ਰਹਿੰਦੀ ਹੈ। ਔਰਤ ਨੂੰ ਬੇਅਦਬੀ ਕਰਦਿਆਂ ਪਿੰਡ ਵਾਸੀਆਂ ਨੇ ਮੌਕੇ ‘ਤੇ ਹੀ ਕਾਬੂ ਕਰ ਲਿਆ ਸੀ।