ਰੇਲਵੇ ਨੇ ਪੰਜਾਬ ਵਿੱਚ ਮਾਲ ਗੱਡੀਆਂ ਚਲਾਉਣ ਤੋਂ ਕੀਤੀ ਕੋਰੀ ਨਾਹ – 32 ਰੇਲ ਪਟੜੀਆਂ ਤੇ ਧਰਨਿਆਂ ਦਾ ਦਿੱਤਾ ਹਵਾਲਾ – ਕੇਂਦਰ ਸਰਕਾਰ ਨੇ ਮੰਨਿਆ ਅਰਬਾਂ ਰੁਪਏ ਦਾ ਹੋ ਰਿਹਾ ਨੁਕਸਾਨ – ਪੜ੍ਹੋ ਰੇਲ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜੇ

ਨਿਊਜ਼ ਪੰਜਾਬ

ਲੁਧਿਆਣਾ , 5 ਨਵੰਬਰ – ਰੇਲਵੇ ਨੇ ਮੌਜ਼ੂਦਾ ਹਲਾਤਾਂ ਵਿੱਚ ਪੰਜਾਬ ਲਈ ਰੇਲਵੇ ਆਵਾਜਾਈ ਸ਼ੁਰੂ ਕਰਨ ਤੋਂ ਸਾਫ ਨਾਹ ਕਰ ਦਿੱਤੀ ਹੈ | ਭਾਰਤੀ ਰੇਲਵੇ ਨੂੰ ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਭਾਵੇ 1200 ਕਰੋੜ ਰੁਪਏ ਦਾ ਹੁਣ ਤੱਕ ਆਰਥਿਕ ਨੁਕਸਾਨ ਹੋ ਚੁੱਕਾ ਹੈ ਅਤੇ ਪੰਜਾਬ ਭੇਜੇ ਜਾਣ ਵਾਲੇ 2225 ਰੈਕਸ ( ਮਾਲ ਗੱਡੀਆਂ ਦੇ ਡੱਬੇ ) ਵੱਖ ਵੱਖ ਥਾਵਾਂ ਤੇ ਰੁਕੇ ਹੋਣ ਕਾਰਨ ਰੇਲਵੇ ਦੇ ਨਾਲ ਨਾਲ ਨਿਜ਼ੀ ਖੇਤਰ ਦੇ ਆਰਥਿਕ ਨੁਕਸਾਨ ਦਾ ਕਾਰਨ ਬਣ ਰਿਹਾ ਹੈ ਪਰ ਫਿਰ ਵੀ ਰੇਲਵੇ ਮੰਤਰਾਲੇ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸੁਰਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਵਿੱਚ ਕੋਈ ਟਰੇਨ ਨਹੀਂ ਚਲਾਏਗਾ |

1,350 ਤੋਂ ਵੱਧ ਯਾਤਰੀ ਰੇਲਾਂ ਰੱਦ ਕੀਤੀਆਂ ਗਈਆਂ – ਰੋਜ਼ਾਨਾ 70 ਤੋਂ ਵੱਧ ਰੈਕਸ ਭਰੇ ਨਹੀਂ ਜਾ ਰਹੇ

ਰੇਲਵੇ ਨੇ ਕਿਹਾ ਕਿ ਪੰਜਾਬ ਲਈ ਢੋਆ – ਢੁਆਈ ਵਾਸਤੇ ਰੋਜ਼ਾਨਾ 70 ਤੋਂ ਵੱਧ ਰੈਕਸ ਭਰੇ ਨਹੀਂ ਜਾ ਰਹੇ ਜਿਨ੍ਹਾਂ ਵਿੱਚ 40 ਰੈਕਸ ਅਨਾਜ, ਕੰਟੇਨਰ, ਆਟੋਮੋਬਾਈਲ, ਸੀਮਿੰਟ, ਪੈੱਟ ਕੋਕ, ਖਾਦ ਆਦਿ ਨਾਲ ਸਬੰਧਿਤ ਹਨ ਜੋ ਰੋਜ਼ਾਨਾ ਪੰਜਾਬ ਤੋਂ ਬਾਹਰ ਭੇਜੇ ਜਾਣੇ ਹੁੰਦੇ ਹਨ ਦੀ ਲਦਵਾਈ ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਜਦੋ ਕਿ ਪੰਜਾਬ ਦੇ ਬਾਹਰੋਂ ਆਉਣ ਵਾਲੇ ਕੰਟੇਨਰ, ਸੀਮਿੰਟ, ਜਿਪਸਮ, ਖਾਦ, ਪੀਓਐੱਲ (POL) ਦੇ ਪ੍ਰਤੀ ਦਿਨ ਲਗਭਗ 30 ਰੈਕਸ ਦੀ ਆਵਾਜਾਈ ਰੋਜ਼ਾਨਾ ਪ੍ਰਭਾਵਿਤ ਹੋ ਰਹੀ ਹੈ। ਵਪਾਰਿਕ ਆਵਾਜਾਈ ਤੋਂ ਇਲਾਵਾ ਪੰਜਾਬ ਰਾਜ ’ਚੋਂ ਲੰਘਣ ਵਾਲੀਆਂ ਸਾਰੀਆਂ ਯਾਤਰੀ ਰੇਲ–ਗੱਡੀਆਂ ਦੀ ਆਵਾਜਾਈ ਰੁਕ ਗਈ ਹੈ , ਅੱਜ ਤੱਕ 1,350 ਤੋਂ ਵੱਧ ਯਾਤਰੀ ਰੇਲਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਰੂਟ ਬਦਲੇ ਗਏ ਹਨ ਜਾਂ ਉਨ੍ਹਾਂ ਨੂੰ ਟਿਕਾਣੇ ’ਤੇ ਪੁੱਜਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ।

1,200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ

ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਚਲਾਉਣ ਦੀ ਦਿੱਤੀ ਸਹਿਮਤੀ ਬਾਰੇ ਰੇਲ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਅੱਜ ਤੱਕ ਵੀ ਪੰਜਾਬ ’ਚ ਪਟੜੀਆਂ ਉੱਤੇ ਅੜਿੱਕੇ ਡਾਹੇ ਹੋਣ ਕਾਰਨ ਮਾਲ–ਗੱਡੀਆਂ ਦੀ ਆਵਾਜਾਈ ਮਜਬੂਰਨ ਮੁਲਤਵੀ ਕਰਨੀ ਪਈ ਹੈ ਤੇ ਇਸ ਕਾਰਨ ਰੇਲ ਵਿਭਾਗ ਨੂੰ ਆਮਦਨ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ। ਅੱਜ ਦੀ ਤਰੀਕ ਤੱਕ ਅਹਿਮ ਵਸਤਾਂ ਦੇ ਮਾਲ ਨਾਲ ਲੱਦੇ 2,225 ਤੋਂ ਵੱਧ ਡੱਬੇ ( ਰੈਕਸ ) ਅੱਗੇ ਨਹੀਂ ਵੱਧ ਰਹੇ। ਇਸ ਕਾਰਨ ਪਹਿਲਾਂ ਹੀ 1,200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ ਹੈ।

ਪਟੜੀਆਂ ਉੱਤੇ ਅੜਿੱਕੇ ਜਾਰੀ

ਰੇਲਵੇ ਨੇ ਸਪਸ਼ਟ ਕੀਤਾ ਕਿ ਕੁੱਲ 32 ਸਥਾਨਾਂ ਉੱਤੇ ਮੁਜ਼ਾਹਰਾਕਾਰੀ ਪਲੈਟਫ਼ਾਰਮਾਂ / ਰੇਲ ਪਟੜੀਆਂ ਨੇੜੇ ਲਗਾਤਾਰ ਧਰਨਾ ਦੇ ਰਹੇ ਹਨ। ਅਪਰੇਸ਼ਨਲ ਤੇ ਸੁਰੱਖਿਆ ਕਾਰਨਾਂ ਕਰਕੇ ਰੇਲ–ਗੱਡੀਆਂ ਦੀ ਆਵਾਜਾਈ ਦੋਬਾਰਾ ਮੁਲਤਵੀ ਕਰਨੀ ਪਈ ਹੈ ਕਿਉਂਕਿ ਮੁਜ਼ਾਹਰਾਕਾਰੀਆਂ ਨੇ ਕੁਝ ਰੇਲਾਂ ਦੀ ਆਵਾਜਾਈ ਅਚਾਨਕ ਰੋਕ ਦਿੱਤੀ ਸੀ ਅਤੇ ਖ਼ਾਸ ਕਰ ਕੇ ਜੰਡਿਆਲਾ, ਨਾਭਾ, ਤਲਵੰਡੀ ਸਾਬੋ ਤੇ ਬਠਿੰਡਾ ਜਿਹੇ ਵਿਭਿੰਨ ਇੱਕਾ–ਦੁੱਕਾ ਸਥਾਨਾਂ ਉੱਤੇ ਪਟੜੀਆਂ ਉੱਤੇ ਅੜਿੱਕੇ ਜਾਰੀ ਹਨ। ਰੇਲ ਮੰਤਰੀ ਵਲੋਂ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਲਈ 26 ਅਕਤੂਬਰ, 2020 ਨੂੰ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਪਟੜੀਆਂ ਤੇ ਅਮਲੇ ਦੇ ਮੈਂਬਰਾਂ ਦੀ ਸੁਰੱਖਿਆ ਦਾ ਭਰੋਸਾ ਮੰਗਿਆ ਸੀ।
ਪ੍ਰੰਤੂ ਪੰਜਾਬ ’ਚ ਰੁਕਾਵਟਾਂ ਜਾਰੀ ਰੱਖੇ ਜਾਣ ਕਾਰਨ ਮਾਲ–ਗੱਡੀਆਂ ਦੀ ਆਵਾਜਾਈ ਦੇ ਨਾਲ–ਨਾਲ ਖੇਤੀਬਾੜੀ, ਉਦਯੋਗਿਕ ਤੇ ਬੁਨਿਆਦੀ ਢਾਂਚਾ ਖੇਤਰਾਂ ਨਾਲ ਸਬੰਧਿਤ ਅਹਿਮ ਵਸਤਾਂ ਦੀ ਉਪਲਬਧਤਾ ਅਤੇ ਪੰਜਾਬ, ਜੰਮੂ ਤੇ ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਉੱਤੇ ਇਸ ਦਾ ਭੈੜਾ ਅਸਰ ਪਿਆ ਹੈ।

ਰੇਲਵੇ ਨੇ ਕਿਹਾ ਕਿ ਮੌਜ਼ੂਦਾ ਹਲਾਤਾਂ ਵਿੱਚ ਰੇਲ–ਗੱਡੀਆਂ ਨੂੰ ਚਲਾਉਣਾ ਅਸੰਭਵ – – –
24 ਸਤੰਬਰ, 2020 ਨੂੰ ਪੰਜਾਬ ਖੇਤਰ ਵਿੱਚ ਕਿਸਾਨਾਂ ਨੇ ਰੇਲ–ਪਟੜੀਆਂ ਤੇ ਸਟੇਸ਼ਨਾਂ ਉੱਤੇ ਧਰਨੇ ਸ਼ੁਰੂ ਕੀਤੇ ਸਨ। ਪਹਿਲੀ ਅਕਤੂਬਰ, 2020 ਤੋਂ ਹਰ ਤਰ੍ਹਾਂ ਦੀ ਆਵਾਜਾਈ ਨੂੰ ਮੁਲਤਵੀ ਕਰਨਾ ਪਿਆ ਸੀ ਕਿਉਂਕਿ ਰੋਸ ਮੁਜ਼ਾਹਰੇ ਸਮੁੱਚੇ ਪੰਜਾਬ ’ਚ ਫੈਲ ਗਏ ਸਨ ਤੇ ਉਨ੍ਹਾਂ ਕਾਰਨ ਫ਼ਿਰੋਜ਼ਪੁਰ ਡਿਵੀਜ਼ਨ ’ਚ ਰੇਲ–ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਅਤੇ ਅੰਬਾਲਾ, ਦਿੱਲੀ ਤੇ ਬੀਕਾਨੇਰ ਡਿਵੀਜ਼ਨ ਦੇ ਪੰਜਾਬ ਨਾਲ ਜੁੜੇ ਇਲਾਕਿਆਂ ਵਿੱਚ ਅੰਸ਼ਕ ਤੌਰ ਉੱਤੇ ਪ੍ਰਭਾਵਿਤ ਹੋਈ ਹੈ।

32 ਰੇਲ ਪਟੜੀਆਂ ਕਿਸਾਨਾਂ ਦੇ ਕਬਜ਼ੇ ਵਿੱਚ
ਅੰਮ੍ਰਿਤਸਰ, ਨਾਭਾ, ਤਲਵੰਡੀ ਸਾਬੋ, ਫ਼ਿਰੋਜ਼ਪੁਰ, ਮੋਗਾ, ਜੰਡਿਆਲਾ ਤੇ ਬਠਿੰਡਾ ਨੇੜਲੇ ਵਿਭਿੰਨ ਸਥਾਨਾਂ ਉੱਤੇ ਇੱਕਾ–ਦੁੱਕਾ ਥਾਵਾਂ ਉੱਤੇ ਪਟੜੀਆਂ ਉੱਪਰ ਅੱਜ ਸਵੇਰੇ 6:00 ਵਜੇ ਤੱਕ ਰੋਸ ਮੁਜ਼ਾਹਰੇ ਕੁੱਲ 32 ਸਥਾਨਾਂ ਉੱਤੇ ਜਾਰੀ ਸਨ।ਰੋਸ ਮੁਜ਼ਾਹਰਾਕਾਰੀ ਕਾਬੂ ਹੇਠ ਨਾ ਹੋਣ ਕਾਰਨ ਅਪਰੇਸ਼ਨਲ ਤੇ ਸੁਰੱਖਿਆ ਕਾਰਨਾਂ ਕਰ ਕੇ ਰੇਲ–ਗੱਡੀਆਂ ਦੀ ਮੁਲਤਵੀ ਇਹ ਆਵਾਜਾਈ ਅਜਿਹੀ ਹਾਲਤ ’ਚ ਚਲਾਉਣਾ ਬਹੁਤ ਖ਼ਤਰਨਾਕ ਹੈ।