ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਨਵ-ਜਨਮੀਆਂ ਬੱਚੀਆਂ ਨੂੰ ਵੰਡੇ ਗਏ ਗਰਮ ਸੂਟ

ਤਰਨ ਤਾਰਨ, 22 ਅਕਤੂਬਰ (ਨਿਊਜ਼ ਪੰਜਾਬ)-ਸਮਾਜ ਵਿੱਚ ਬੇਟੀਆ ਨੂੰ ਬਣਦਾ ਸਥਾਨ ਦਿਵਾਉਣ ਅਤੇ ਬੇਟੀਆ ਦੇ ਘੱਟ ਰਹੇ ਲਿੰਗ ਅਨੁਪਾਤ ਨੂੰ ਠੀਕ ਕਰਨ ਹਿੱਤ ਪੰਜਾਬ ਸਰਕਾਰ ਵਲੋਂ ਸਮੇਂ-ਸਮੇ ਯਤਨ ਕੀਤੇ ਜਾਦੇ ਹਨ । ਸਿਹਤ ਵਿਭਾਗ ਤਰਨ ਤਾਰਨ ਵੱਲੋਂ ਬੇਟੀ ਬਚਾੳ ਬੇਟੀ ਪੜਾੳ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਨਵ-ਜਨਮੀਆਂ ਬੱਚੀਆਂ ਨੂੰ ਗਰਮ ਸੂਟ (ਟੌਪੀ, ਜਰਾਬਾ ਸਮੇਤ ਸੂਟ ) ਵੰਡੇ ਗਏ। ਇਸ ਮੌਕੇ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਬੇਟੀਆ ਤੋਂ ਬਿਨਾਂ ਸਮਾਜ ਦੀ ਹੋਂਦ ਨਹੀਂ ਹੋ ਸਕਦੀ। ਸਾਡੇ ਸਮਾਜ ਨੇ ਹਰ ਖੇਤਰ ਵਿੱਚੋ ਤਰੱਕੀ ਕੀਤੀ ਹੈ, ਪਰ ਮਾਦਾ ਭਰੁੱਣ ਹੱਤਿਆ ਦੇ ਮਾਮਲੇ ‘ਚ ਸਥਿਤੀ ਚਿੰਤਜਨਕ ਹੈ। ਉਹਨਾਂ ਕਿਹਾ ਕਿ ਬੇਟੀਆ ਦੀ ਘੱਟ ਰਹੀ ਗਿਣਤੀ ਨੂੰ ਸਹੀ ਰਸਤੇ ਲਿਆਉਣ ਲਈ ਸਰਕਾਰ ਵਲੋਂ ਬਹੁਤ ਹੀ ਉਪਰਾਲੇ ਕੀਤੇ ਜਾ ਰਹੇ ਹਨ, ਜਿੰਨ੍ਹਾ ‘ਚ ਸਰਕਾਰੀ ਹਸਪਤਾਲ ਵਿੱਚ ਮੁਫਤ ਡਿਲੀਵਰੀ (ਜਨਨੀ ਸ਼ੀਸ਼ੂ ਸੁਰੱਖਿਆ ਯੋਜਨਾ), ਜਨਮ ਤੋਂ ਲੈ ਕੇ 5 ਸਾਲ ਤੱਕ ਕੁੜੀਆਂ ਦਾ ਮੁਫਤ ਇਲਾਜ, ਇਹ ਸਾਰੀਆ ਸਹੂਲਤਾ ਕੇਵਲ ਸਰਕਾਰੀ ਹਸਪਤਾਲਾਂ ਵਿੱਚ ਹੀ ਉਪਲੱਬਧ ਹਨ।
ਇਸ ਮੌਕੇ ‘ਤੇ ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਔਰਤ ਦਾ  ਸਮਾਜ ਵਿੱਚ ਇੱਕ ਅਹਿਮ ਰੋਲ ਹੈ। ਇਸ ਲਈ ਤਿੰਨ ਗੱਲਾਂ ਯਾਦ ਰੱਖਣ ਯੋਗ ਹਨ ਕਿ ਪਹਿਲੀ ਜਿਸ ਨੇ ਤੂਹਾਨੂੰ ਜਨਮ ਦਿੱਤਾ ਹੈ, ਦੂਜੀ ਜਿਸ ਨੇ ਤੁਹਾਡੇ ਲਈ ਜਨਮ ਲਿਆ ਹੈ, ਜਿਸ ਨੂੰ ਤੁਸੀਂ ਜਨਮ ਦੇਣਾ ਹੈ।ਇਹ ਤਿੰਨੋ ਹੀ ਸਤਿਕਾਰ ਯੋਗ ਹਨ।ਔਰਤ ਦਾ ਘੇਰਾ ਅੱਜ ਘਰ ਦੀ ਚਾਰ ਦੀਵਾਰੀ ਨਹੀ, ਬਲਕਿ ਇਹ ਸੱਮੁਚਾ ਬ੍ਰਹਿਮੰਡ ਹੈ,ਜਿਸ ਵਿੱਚ ਉਸਨੇ ਵਿਚਰਨਾ ਹੈ । ਇਸ ਮੌਕੇ ‘ਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਨੇ ਕਿਹਾ ਕਿ ਔਰਤ ਹੀ ਸਮਾਜ ਦੀ ਸਿਰਜਣਹਾਰ ਹੈ ਇਸ ਲਈ ਸਮਾਜ ਵਿੱਚ ਬੱਚੀਆਂ ਬਰਾਬਰ ਦੇ ਮੌਕੇ ਦੇਣਾ ਸਾਡਾ ਸਾਰੀਆ ਦਾ ਫਰਜ਼ ਹੈ। ਇਸ ਮੌਕੇ ‘ਤੇ ਆਰੂਸ਼ ਭੱਲਾ ਅਤੇ ਦਫ਼ਤਰ ਦਾ ਹੋਰ ਸਟਾਫ਼ ਮੌਜੂਦ ਸੀ।