‘ਸਮਾਰਟ ਵਿਲੇਜ’ ਦੇ ਵਿਕਾਸ ਕਾਰਜਾਂ ਦਾ ਸੰਯੁਕਤ ਡਾਇਰੈਕਟਰ ਭੁੱਲਰ ਵੱਲੋਂ ਜਾਇਜ਼ਾ
ਨਵਾਂਸ਼ਹਿਰ, 22 ਅਕਤੂਬਰ (ਨਿਊਜ਼ ਪੰਜਾਬ) : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ ‘ਸਮਾਰਟ ਵਿਲੇਜ’ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਔੜ ਬਲਾਕ ਦੇ ਪਿੰਡਾਂ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਅੱਜ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਬੀ. ਡੀ. ਪੀ. ਓ ਔੜ ਰਾਜੇਸ਼ ਚੱਢਾ ਨਾਲ ਬਲਾਕ ਦੇ ਪਿੰਡ ਗੁਣਾਚੌਰ, ਮੀਰਪੁਰ ਲੱਖਾ ਅਤੇ ਬੁਹਾਰਾ ਦਾ ਦੌਰਾ ਕਰ ਕੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਕੰਮਾਂ ਦੀ ਰਫ਼ਤਾਰ ਤੇਜ਼ ਕਰਨ ਅਤੇ ਇਨਾਂ ਨੂੰ ਮਿੱਥੇ ਸਮੇਂ ਵਿਚ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨਾਂ ਇਹ ਵੀ ਹਦਾਇਤ ਕੀਤੀ ਕਿ ਕੀਤੇ ਜਾ ਰਹੇ ਕੰਮਾਂ ਦੇ ਮਿਆਰ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਸਮੇਂ-ਸਮੇਂ ’ਤੇ ਇਨਾਂ ਦਾ ਨਿਰੀਖਣ ਕੀਤਾ ਜਾਵੇ। ਉਨਾਂ ਛੱਪੜਾਂ ਦੇ ਆਲੇ-ਦੁਆਲੇ ਫੁੱਲਦਾਰ ਤੇ ਛਾਂਦਾਰ ਰੁੱਖ ਲਗਾਏ ਜਾਣ ਦੀ ਵੀ ਹਦਾਇਤ ਕੀਤੀ। ਇਸ ਮੌਕੇ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਇਨਾਂ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਚਲਾਇਆ ਜਾ ਰਿਹਾ ਸਮਾਰਟ ਵਿਲੇਜ ਪ੍ਰੋਗਰਾਮ ਪਿੰਡਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਉਨਾਂ ਕਿਹਾ ਕਿ ਇਸ ਵਿਆਪਕ ਪ੍ਰੋਗਰਾਮ ਤਹਿਤ ਪਿੰਡਾਂ ਦੀਆਂ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ, ਵਧੀਆ ਸੀਵਰੇਜ ਸਿਸਟਮ, ਸੀਚੇਵਾਲ ਮਾਡਲ ਅਤੇ ਥਾਪਰ ਤਕਨਾਲੋਜੀ ਰਾਹੀਂ ਆਧੁਨਿਕ ਛੱਪੜਾਂ ਦੀ ਉਸਾਰੀ, ਸੋਲਰ ਸਟਰੀਟ ਲਾਈਟਾਂ ਅਤੇ ਪਾਰਕਾਂ ਤੇ ਖੇਡ ਮੈਦਾਨਾਂ ਦੀ ਉਸਾਰੀ ਦੇ ਕੰਮ ਚੱਲ ਰਹੇ ਹਨ। ਇਸ ਮੌਕੇ ਪਿੰਡ ਮੀਰਪੁਰ ਲੱਖਾ ਦੇ ਸਰਪੰਚ ਹਰਪ੍ਰੀਤ ਸਿੰਘ, ਗੁਣਾਚੌਰ ਦੇ ਸਰਪੰਚ ਕਮਲੇਸ਼ ਰਾਣੀ, ਬੁਹਾਰਾ ਦੇ ਸਰਪੰਚ ਰੇਖਾ ਰਾਣੀ, ਪੰਚਾਇਤ ਸਕੱਤਰ ਜਸਵੰਤ ਸਿੰਘ, ਰਾਕੇਸ਼ ਕੁਮਾਰ, ਤਕਨੀਕੀ ਸਹਾਇਕ ਲਖਵੀਰ ਮੱਲ, ਗ੍ਰਾਮ ਰੋਜ਼ਗਾਰ ਸਹਾਇਕ ਕੁਲਦੀਪ ਸਿੰਘ ਤੇ ਹੋਰ ਹਾਜ਼ਰ ਸਨ।