ਰੇਲ ਪਟੜੀਆਂ ‘ਤੇ ਬੈਠੇ ਕਿਸਾਨਾਂ ਨੇ ਹੁਣ ਸੰਘਰਸ਼ ਦਾ ਕਾਂਟਾ ਭਾਜਪਾ ਆਗੂਆਂ ਦੇ ਘਰਾਂ ਵੱਲ ਮੋੜਿਆ
ਭਾਕਿਯੂ ਉਗਰਾਹਾਂ ਨੇ ਭਾਜਪਾ ਨੂੰ ਸੂਬੇ ‘ਚ ਨਿਖੇੜਨ ਤੇ ਖਦੇੜਨ ਦਾ ਬਿਗਲ ਵਜਾਇਆ
ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 13 ਅਕਤੂਬਰ (ਨਿਊਜ਼ ਪੰਜਾਬ) – ਦਿੱਲੀ ‘ਚ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਜਾਣ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪੰਜਾਬ ‘ਚ ਭਾਜਪਾ ਦੇ ਖਿਲਾਫ ਸਖ਼ਤ ਰੁੱਖ ਅਪਣਾਉਂਦਿਆਂ ਐਲਾਨ ਕੀਤਾ ਕਿ ਸੂਬੇ ਭਰ ‘ਚ ਉਨ੍ਹਾਂ ਦੀ ਜਥੇਬੰਦੀ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਵੱਖ ਵੱਖ ਥਾਵਾਂ ‘ਤੇ ਰੇਲ ਪਟੜੀਆਂ ‘ਤੇ ਜੋ ਸੰਘਰਸ਼ ਵਿੱਢਿਆ ਹੋਇਆ ਹੈ ਉਸ ਦੀ ਮੁਹਾਰ ਮੋੜ ਕੇ ਹੁਣ ਭਾਜਪਾ ਆਗੂਆਂ ਦੇ ਘਰਾਂ ਅੱਗੇ ਡੇਰੇ ਲਾਏ ਜਾ ਰਹੇ ਹਨ। ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਅਸਲ ਵਿਚ ਇਹ ਸੰਘਰਸ਼ ਇਕ ਲੰਬੀ ਲੜਾਈ ਹੈ ਅਤੇ ਇਹ ਸਰਕਾਰਾਂ ਦੀ ਨੀਤੀ ਦੇ ਖਿਲਾਫ ਲੜਿਆ ਜਾ ਰਿਹਾ ਹੈ।