ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਨਾਲ ਖਾਦਾਂ ਤੇ ਦਵਾਈਆਂ ਦੇ ਖਰਚੇ ਵਿੱਚ ਬੱਚਤ ਹੋਣ ਦੇ ਨਾਲ ਜ਼ਮੀਨ ਦੇ ਤੱਤਾਂ ਵਿੱਚ ਵੀ ਹੁੰਦਾ ਹੈ ਵਾਧਾ- ਕਿਸਾਨ ਸੰਦੀਪ ਸਿੰਘ
– ਪਿੰਡ ਚੱਕ ਕਰੇ ਖਾਂ ਦੇ ਅਗਾਂਹਵਧੂ ਕਿਸਾਨ ਸੰਦੀਪ ਸਿੰਘ ਨੇ ਕੀਤਾ ਖੇਤੀ ਮਸ਼ੀਨਰੀ ਨਾਲ ਸੁਚੱਜਾ ਪਰਾਲੀ ਪ੍ਰੰਬਧਨ
ਤਰਨ ਤਾਰਨ, 13 ਅਕਤੂਬਰ (ਨਿਊਜ਼ ਪੰਜਾਬ)-ਅਗਾਂਹਵਧੂ ਕਿਸਾਨ ਸ. ਸੰਦੀਪ ਸਿੰਘ ਪੁੱਤਰ ਸ. ਸਵਿੰਦਰ ਸਿੰਘ, ਵਾਸੀ ਪਿੰਡ-ਚੱਕ ਕਰੇ ਖਾਂ, ਬਲਾਕ-ਖਡੂਰ ਸਾਹਿਬ ਨੇ ਖੇਤੀ ਮਸ਼ੀਨਰੀ ਦਾ ਸਦ-ਉਪਯੋਗ ਕਰਦੇ ਹੋਏ ਸੁਚੱਜਾ ਪਰਾਲੀ ਪ੍ਰਬੰਧਨ ਕਰਕੇ ਜ਼ਿਲ੍ਹੇ ਦੇ ਦੂਸਰੇ ਕਿਸਾਨਾਂ ਲਈ ਮਿਸਾਲ ਬਣੇ ਹਨ । ਅਗਾਂਹਵਧੂ ਕਿਸਾਨ ਸ. ਸੰਦੀਪ ਸਿੰਘ 35 ਏਕੜ ਜ਼ਮੀਨ ਵਿੱਚ ਖੇਤੀ ਕਰ ਰਿਹਾ ਹੈ ਅਤੇ ਇਹਨਾਂ ਨੇ ਆਪਣੀ ਇਸ 35 ਏਕੜ ਜ਼ਮੀਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਵੱਖ-ਵੱਖ ਫ਼ਸਲਾਂ ਹੇਠ ਵੰਡਿਆ ਹੋਇਆ ਹੈ, ਜਿਸ ਨਾਲ ਉਹਨਾਂ ਦੀ ਆਮਦਨ ਵਿੱਚ ਕਾਫ਼ੀ ਵਾਧਾ ਹੋਇਆ ਹੈ । ਇਸ ਕਿਸਾਨ ਨੇ ਪਿਛਲੇ 2 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਨਾਲ ਫ਼ਸਲਾਂ ਦਾ ਚੰਗਾ ਝਾੜ ਲੈ ਰਹੇ ਹਨ । ਇਸ ਸਾਲ ਵੀ ਸ. ਸੰਦੀਪ ਸਿੰਘ ਨੇ ਆਪਣੀ 35 ਏਕੜ ਜ਼ਮੀਨ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ ਅਤੇ ਖੇਤੀ ਮਸ਼ੀਨਰੀ ਜਿਵੇਂ ਕਿ ਬੇਲਰ, ਮਲਚਰ ਅਤੇ ਉਲਟਾਂਵੇ ਹੱਲ ਆਦਿ ਦੀ ਮਦਦ ਨਾਲ ਜ਼ਮੀਨ ਦੀ ਵਹਾਈ ਕਰਕੇ ਪਰਾਲੀ ਨੂੰ ਸਾਂਭਿਆ ਹੈ । ਅਗਾਂਹਵਧੂ ਕਿਸਾਨ ਸ. ਸੰਦੀਪ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਵਿੱਚ ਵਾਹੁਣ ਨਾਲ ਖਾਦਾਂ-ਦਵਾਈਆਂ ਦਾ ਵੀ ਖਰਚਾ ਬੱਚਦਾ ਹੈ ਅਤੇ ਜ਼ਮੀਨ ਦੇ ਤੱਤਾਂ ਵਿੱਚ ਵੀ ਵਾਧਾ ਹੁੰਦਾ ਹੈ।ਇਸ ਕਿਸਾਨ ਵੱਲੋਂ ਹੋਰਨਾਂ ਕਿਸਾਨਾਂ ਨੂੰ ਵੀ ਨਾਲ ਜੋੜ ਕੇ ਸਮਝਾਇਆ ਜਾ ਰਿਹਾ ਹੈ ਕਿ ਵਾਤਾਵਰਣ ਪ੍ਰਤੀ ਸੁਹਿਰਦ ਹੋਈਏ ਅਤੇ ਪਰਾਲੀ ਨੂੰ ਬਿਲਕੁਲ ਅੱਗ ਨਾ ਲਗਾਈਏ।ਇਹ ਕਿਸਾਨ ਮਟਰਾਂ ਦੀ ਖੇਤੀ ਵੀ ਕਰਦਾ ਹੈ ਅਤੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਹੀ ਮਿਲਾ ਕੇ ਇਸ ਨੇ ਖੇਤ ਤਿਆਰ ਕੀਤਾ ਹੈ।ਇਸ ਕਿਸਾਨ ਨੇ ਇਸ ਸਾਲ ਜ਼ੀਰੋ ਟਿੱਲਲ ਅਤੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੈ ਅਤੇ ਲਗਭਗ 100-150 ਏਕੜ ਹੋਰਨਾਂ ਕਿਸਾਨਾਂ ਦੀ ਬਿਜਾਈ ਸੁਪਰ ਸੀਡਰ ਨਾਲ ਕਰਨੀ ਹੈ । ਇਹ ਕਿਸਾਨ ਵੀਰ ਖੇਤੀਬਾੜੀ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਨਾਲ ਜੁੜਿਆ ਹੋਇਆ ਹੈ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਵਿਭਾਗ ਨਾਲ ਜੋੜਨ ਅਤੇ ਸਕੀਮਾਂ ਦਾ ਲਾਭ ਪਹੁੰਚਾਉਣ ਵਿੱਚ ਸਹਾਈ ਹੋ ਰਿਹਾ ਹੈ ।