ਸੰਗਰੂਰ ‘ਚ ਜਨਤਕ ਜਥੇਬੰਦੀਆਂ ਵੱਲੋਂ ਮੁੜ ਆਰ. ਐਸ. ਐਸ. ਦਫ਼ਤਰ ਅੱਗੇ ਪ੍ਰਦਰਸ਼ਨ
ਸੰਗਰੂਰ, 12 ਅਕਤੂਬਰ (ਨਿਊਜ਼ ਪੰਜਾਬ)- ਖੇਤੀ ਕਾਨੂੰਨ ਰੱਦ ਕਰਵਾਉਣ, ਆਰ. ਐਸ. ਐਸ. ਦੇ ਆਗੂਆਂ ‘ਤੇ ਪਰਚਾ ਦਰਜ ਕਰਵਾਉਣ ਅਤੇ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਕਰਾਉਣ ਦੀ ਮੰਗ ਨੂੰ ਲੈ ਕੇ ਜਨਤਕ ਜਥੇਬੰਦੀਆਂ ਵਲੋਂ ਅੱਜ ਰੋਸ ਮੁਜ਼ਾਹਰਾ ਕਰਦਿਆਂ ਆਰ. ਐਸ. ਐਸ. ਦੇ ਦਫ਼ਤਰ ਮੂਹਰੇ ਮੁੜ ਦਸਤਕ ਦਿੱਤੀ ਗਈ। ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਸਿੰਘ, ਪੰਜਾਬ ਸਟੂਡੈਂਟ ਯੂਨੀਅਨ ਦੀ ਜ਼ਿਲ੍ਹਾ ਆਗੂ ਜਸਪ੍ਰੀਤ ਕੌਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ, ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਮੇਘ ਰਾਜ ਸਿੰਘ ਕਿਹਾ ਕਿ ਆਰ. ਐਸ. ਐਸ. ਵਲੋਂ ਮੋਦੀ ਸਰਕਾਰ ਰਾਹੀਂ ਆਪਣਾ ਫ਼ਿਰਕੂ ਫਾਸ਼ੀਵਾਦੀ ਏਜੰਡਾ ਸਮੁੱਚੇ ਲੋਕਾਂ ‘ਤੇ ਲਾਗੂ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਕਿਸਾਨ ਆਰਡੀਨੈਂਸ, ਕਿਰਤ ਕਾਨੂੰਨਾਂ ‘ਚ ਸੋਧ, ਨਵੀਂ ਸਿੱਖਿਆ ਨੀਤੀ ਵਰਗੀਆਂ ਲੋਕ ਮਾਰੂ ਨੀਤੀਆਂ ਕੋਰੋਨਾ ਵਾਇਰਸ ਦੀ ਆੜ ਹੇਠ ਲਿਆਂਦੀਆਂ ਗਈਆਂ ਹਨ, ਜਿਸ ਦਾ ਮੁੱਖ ਮਕਸਦ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਪਹੁੰਚਾਉਣ ਹੈ।