ਜਵੱਦੀ ਟਕਸਾਲ ਵਿਖੇ ਆਯੋਜਿਤ ਕੀਤਾ ਗਿਆ ਸਿਮਰਨ ਸਮਾਗਮ

ਪ੍ਰਿਤਪਾਲ ਸਿੰਘ
ਲੁਧਿਆਣਾ 20 ਸਤੰਬਰ –  ਗੁਰੂ ਦੇ ਦਰ ਤੇ ਗੁਰੂ ਦੀ ਸਿਫਤ ਸਲਾਹ ਕਰਕੇ ਦੁਨਿਆਵੀ ਵਿਚਾਰਾਂ ਤੋਂ ਛੁਟਕਾਰਾ ਮਿਲਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸ੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵੱਲੋਂ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਰੰਭੀ ਲੜੀ ਅਧੀਨ ਆਯੋਜਿਤ ਕੀਤੇ ਗਏ ਹਫਤਾਵਾਰੀ ਨਾਮ ਅਭਿਆਸ ਸਮਾਗਮ ਦੌਰਾਨ ਗੁਰਮਤਿ ਵੀਚਾਰਾਂ ਦੀ ਸਾਂਝ ਕਰਦਿਆਂ ਹੋਇਆ ਕੀਤਾ। ਉਨ੍ਹਾਂ ਨੇ ਗੁਰਬਾਣੀ ਦੀ ਕਥਾ ਵੀਚਾਰ ਕਰਦਿਆਂ ਕਿਹਾ ਕਿ ਜਦੋਂ ਮਨੁੱਖ ਭਗਤੀ ਨਾਲ ਸਾਂਝ ਪਾਕੇ ਪ੍ਰਭੂ ਦਾ ਭਗਤ ਬਣਦਾ ਹੈ ਤਦੋਂ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ। ਗੁਰੂ ਨੇ ਮਨੁੱਖ ਨੂੰ ਨਾਮ-ਵਸਤ ਦੇਕੇ ਆਤਮਾ ਨੂੰ ਪਰਮਾਤਮਾ ਨਾਲ ਜੋੜਣ ਸਿੱਧਾ ਮਾਰਗ ਦਿਖਾਇਆ ਹੈ। ਗੁਰੂ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ ਵੰਡ ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹੀ ਹਾਸਲ ਕੀਤੀ। ਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ। ਇਸ ਤੋਂ ਪਹਿਲਾ ਹਫਤਾਵਾਰੀ ਨਾਮ ਅਭਿਆਸ ਸਮਾਗਮ ਅੰਦਰ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀ ਭਾਈ ਬਖਸ਼ੀਸ਼ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਤੇ ਭਾਈ ਦਲਜੋਤ ਸਿੰਘ ਨੇ ਨਿਧਾਰਿਤ ਰਾਗਾ ਵਿੱਚ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।