23 ਸਤੰਬਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਤੱਕ ਹਜਾਰਾਂ ਮੋਟਰਸਾਈਕਲਾਂ ਤੇ ਰੋਸ ਮਾਰਚ ਕਢਦੇ ਹੋਏ ਸੰਸਦ ਘੇਰਨ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ – ਬੈਂਸ

ਪ੍ਰਿਤਪਾਲ ਸਿੰਘ
ਲੁਧਿਆਣਾ, 20 ਸਤੰਬਰ –  ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਅਤੇ ਕਿਸਾਨੀ ਨਾਲ ਜੁੜੇ ਹਰ ਕਿੱਤੇ ਲਈ ਤਬਾਹਕੁਨ ਖੇਤੀ ਸੁਧਾਰ ਕਾਨੂੰਨ ਵਿਰੱੁਧ ਲੋਕ ਇਨਸਾਫ ਪਾਰਟੀ ਵਲੋਂ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਵਿੱਢੇ ਗਏ ਸੰਘਰਸ਼ ਤਹਿਤ 23 ਸਤੰਬਰ ਦਿਨ ਬੁੱਧਵਾਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਤੱਕ ਹਜਾਰਾਂ ਮੋਟਰਸਾਈਕਲਾਂ ਤੇ ਰੋਸ ਮਾਰਚ ਕਢਦੇ ਹੋਏ ਸੰਸਦ ਘੇਰਨ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰਦੇ ਹੋਏ ਪਾਰਟੀ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਉਨਾ ਵਲੋਂ ਵੀ ਇਸ ਸੰਘਰਸ਼ ਪ੍ਰਤੀ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੋਕ ਇਨਸਾਫ ਪਾਰਟੀ ਦੇ ਹਜਾਰਾਂ ਵਰਕਰ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਇਕਠੇ ਹੋ ਕੇ ਮੋਟਰ ਸਾਈਕਲਾਂ ਤੇ ਰੋਸ ਮਾਰਚ ਕਰਦੇ ਹੋਏ ਦਿੱਲੀ ਪੁੱਜ ਕੇ ਸੰਸਦ ਘੇਰ ਕੇ ਪੁਰਜੋਰ ਸ਼ਬਦਾਂ ਰਾਂਹੀ ਇਸ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਨਗੇ। ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਤੇ ਵਰਦਿਆਂ ਕਿਹਾ ਕਿ ਬੀਬੀ ਬਾਦਲ ਕੇਂਦਰੀ ਵਜੀਰੀ ਤੋਂ ਅਸਤੀਫਾ ਦੇ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਨਹੀ ਬਣਾ ਸਕਦੀ, ਕਿਉਂਕਿ ਇਹ ਇਕ ਸਿਆਸੀ ਡਰਾਮਾ ਹੈ। ਬੈਂਸ ਨੇ ਕਿਹਾ ਕਿ ਜਿਹੜੀ ਪਾਰਟੀ ਅਤੇ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਬਣਾਈ ਨਹੀ ਰੱਖ ਸਕਿਆ ਉਹ ਕਿਸਾਨਾ ਅਤੇ ਪੰਜਾਬ ਵਾਸੀਆਂ ਦਾ ਭਲਾ ਕਿਵੇਂ ਕਰ ਸਕਦਾ ਹੈ। ਉਨਾ ਕਿਹਾ ਕਿ ਬਾਦਲ ਦੇ ਰਾਜ ਮੋਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰ ਦਿੱਤੇ ਗਏ ਅਤੇ ਇਸ ਦੇ ਵਿਰੋਧ ਵਿਚ ਸ਼ਾਂਤਮਈ ਰੋਸ ਪ੍ਰਧਰਸ਼ਨ ਕਰਦੇ ਹੋਏ ਦੋ ਸਿੱਖ ਨੋਜਵਾਨਾ ਨੂੰ ਪੰਜਾਬ ਪੁਲਿਸ ਵਲੋਂ ਸ਼ਹੀਦ ਕਰ ਦਿੱਤਾ ਗਿਆ, ਪ੍ਰੰਤੂ ਬਾਦਲ ਸਰਕਾਰ ਦੋਸ਼ੀਆਂ ਨੂੰ ਫੜਨ ਵਿਚ ਨਾਕਾਮਯਾਬ ਰਹੀ। ਬਾਦਲ ਦੀ ਹੱਥਠੋਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਕਰ ਦਿੱਤੇ ਪ੍ਰੰਤੂ ਬਾਦਬ ਪਰਿਵਾਰ ਮੂੰਹ ਵਿਚ ਘੁੰਗਣੀਆਂ ਪਾਈ ਬੈਠਾ ਹੈ ਅਤੇ ਹੁਣ ਬੀਬੀ ਹਰਸਿਮਰਤ ਕੋਰ ਬਾਦਲ ਨੇ ਇਕ ਇੰਟਰਵਿਊ ਦੋਰਾਨ ਸਪਸ਼ਟ ਕਰ ਦਿੱਤਾ ਹੈ ਕਿ ਮੈਂ ਨਹੀ ਕਿਹਾ ਕਿ ਇਹ ਬਿਲ ਕਿਸਾਨ ਵਿਰੋਧੀ ਹੈ, ਇਹ ਤਾਂ ਕਿਸਾਨ ਹੀ ਕਹਿ ਰਹੇ ਨੇ। ਬੈਂਸ ਨੇ ਕਿਹਾ ਕਿ ਬਾਦਲ ਪਰਿਵਾਰ ਇਸ ਕਾਨੂੰਨ ਨੂੰ ਕਿਸਾਨ ਵਿਰੋਧੀ ਮੰਨਦਾ ਹੀ ਨਹੀ ਫਿਰ ਉਨ ਕਿਸਾਨਾ ਦੀ ਅਗਵਾਈ ਕਿਵੇਂ ਕਰ ਸਕਦਾ ਹੈ। ਉਨਾ ਕਿਹਾ ਕਿ ਲੋਕ ਇਨਸਾਫ ਪਾਰਟੀ ਇਸ ਆਰਡੀਨੈਂਸ ਜੋਕਿ ਲੋਕ ਸਭਾ ਵਿਚ ਪਾਸ ਹੋ ਕੇ ਕਾਨੂੰਨ ਦਾ ਦਰਜਾ ਪ੍ਰਾਪਤ ਕਰ ਗਿਆ ਹੈ ਦਾ ਸੁਰੂ ਤੋਂ ਹੀ ਵਿਰੋਧ ਕਰਦੀ ਆਈ ਹੈ। ਇਸ ਆਰਡੀਨੈਂਸ ਵਿਰੁੱਧ ਪੰਜਾਬ ਸਰਕਾਰ ਵਲੋਂ ਮਤਾ ਪਾਸ ਕਰਵਾਉਣ ਲਈ ਉਨਾ ਵਿਧਾਨ ਸਭਾ ਵਿਚ ਧਰਨਾ ਦਿੱਤਾ, ਫਿਰ ਉਨਾ ਨੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਸਹਿਤ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਚੰਡੀਗੜ ਤੱਕ 300 ਕਿਲੋਮੀਟਰ ਦੀ ਸਾਈਕਲ ਯਾਤਰਾ ਕਢੀ ਅਤੇ ਹੁਣ ਸੰਸਦ ਘੇਰਨ ਲਈ ਮੋਟਰਸਾਈਕਲਾਂ ਤੇ ਦਿੱਲੀ ਜਾ ਰਹੇ ਹਨ। ਬੈਂਸ ਨੇ ਪੰਜਾਬ ਵਾਸੀਆਂ ਖਾਸ ਕਰਕੇ ਕਿਸਾਨਾ ਨੂੰ ਵਿਸ਼ਵਾਸ ਦੁਆਇਆ ਕਿ ਲੋਕ ਇਨਸਾਫ ਪਾਰਟੀ ਸਦਾ ਉਨਾ ਦੇ ਨਾਲ ਖੜੀ ਹੈ ਅਤੇ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਕਰੇਗੀ, ਨਾਂ ਕਿ ਦੂਜੀਆਂ ਸਿਆਸੀ ਪਾਰਟੀਆਂ ਵਾਂਗ ਫਰੈਂਡਲੀ ਮੈਚ ਖੇਡ ਕੇ ਪੰਜਾਬ ਵਾਸੀਆਂ ਦੀਆਂ ਅੱਖਾਂ ਵਿਚ ਘਟਾ ਪਾਉਣ ਦੀ ਕੋਸ਼ਿਸ਼ ਕਰੇਗੀ।