ਅੰਮ੍ਰਿਤਸਰ ਪੁਲਿਸ ਵਲੋਂ ਨਸ਼ਾ ਤਸਕਰੀ ਖਿਲਾਫ ਚੱਲ ਰਹੀ ਜੰਗ ‘ਚ ਵੱਡੀ ਕਾਰਵਾਈ-ਹੈਰੋਇਨ, ਪਿਸਟਲ ਤੇ ਜ਼ਿੰਦਾ ਰੌਂਦ ਸਮੇਤ ਇਕ ਕਾਬੂ…
ਨਿਊਜ਼ ਪੰਜਾਬ
ਅੰਮ੍ਰਿਤਸਰ,15 ਮਈ 2025
ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਦੀ ਪੁਲਿਸ ਨੇ ਨਸ਼ਾ ਵਿਰੁੱਧ ਮੁਹਿੰਮ ਤਹਿਤ ਇਕ ਮਸ਼ਹੂਰ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ।
ਇਸ ਸਫਲਤਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਏਐਸਆਈ ਹਰਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਗਸ਼ਤ ਦੌਰਾਨ ਸ਼ੱਕ ਦੀ ਆਧਾਰ ‘ਤੇ ਇਕ ਵਿਅਕਤੀ ਨੂੰ ਰੋਕਿਆ। ਜਦੋਂ ਉਸ ਦੀ ਜਾਂਚ ਕੀਤੀ ਗਈ, ਤਾਂ ਉਸ ਕੋਲੋਂ 1 ਕਿੱਲੋ 7 ਗ੍ਰਾਮ ਹੈਰੋਇਨ ਬਰਾਮਦ ਹੋਈ, ਜੋ ਕਿ ਇੱਕ ਵੱਡੀ ਮਾਤਰਾ ਮੰਨੀ ਜਾਂਦੀ ਹੈ। ਇਨ੍ਹਾਂ ਦੇ ਨਾਲ ਹੀ ਉਸ ਕੋਲੋਂ 32 ਬੋਰ ਦੀ ਇਕ ਪਿਸਟਲ, 7 ਜ਼ਿੰਦਾ ਰੌਂਦ ਅਤੇ ਇਕ ਮੋਟਰਸਾਈਕਲ ਵੀ ਕਬਜ਼ੇ ‘ਚ ਲਈ ਗਈ।
ਗ੍ਰਿਫਤਾਰ ਵਿਅਕਤੀ ਦੀ ਪਹਚਾਣ ਵਿਜੇਪਾਲ ਉਰਫ ਵਿਜੇ ਬਾਬਾ ਵਾਸੀ ਸਰਾਏ ਅਮਾਨਤ ਖਾਂ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਹ ਵਿਅਕਤੀ ਪਿਛਲੇ ਕੁਝ ਸਮੇਂ ਤੋਂ ਨਸ਼ਾ ਤਸਕਰੀ ਦੇ ਕਾਰੋਬਾਰ ‘ਚ ਲਿਪਤ ਸੀ ਅਤੇ ਇਸ ਦੇ ਕਈ ਰਾਜ਼ ਪੁਲਿਸ ਜਾਂਚ ਦੌਰਾਨ ਸਾਹਮਣੇ ਆ ਸਕਦੇ ਹਨ।
ਹਾਲਾਂਕਿ ਉਸ ਖ਼ਿਲਾਫ ਪੁਲਿਸ ਥਾਣਾ ਲੋਪੋਕੇ ਵਿਖੇ ਐਨ.ਡੀ.ਪੀ.ਐਸ. ਐਕਟ (ਨਰਕੋਟਿਕਸ ਡਰੱਗਸ ਐਂਡ ਸਾਇਕੋਟ੍ਰੋਪਿਕ ਸਬਸਟੈਂਸਿਸ ਐਕਟ) ਅਤੇ ਅਸਲਾ ਐਕਟ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਜਾਂਚ ਅਜੇ ਜਾਰੀ ਹੈ ਅਤੇ ਇਹ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖ਼ਰ ਇਹ ਹੈਰੋਇਨ ਕਿੱਥੋਂ ਆਈ ਅਤੇ ਕਿਸ-ਕਿਸ ਨਾਲ ਇਸ ਤਸਕਰ ਦੇ ਸਬੰਧ ਸਨ।