ਕੋਵਿਡ ਕੇਅਰ ਸੈਂਟਰ ਵੱਲੋਂ ਮਰੀਜ਼ਾਂ ਨੂੰ ਵਿਸਰ ਚੁੱਕੀਆਂ ਖੇਡਾਂ ਨਾਲ ਜੋੜਨ ਲਈ ਨਿਵੇਕਲਾ ਉਪਰਾਲਾ -ਹੁਣ ਤੱਕ ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ ‘ਚੋਂ 683 ਮਰੀਜ਼ ਹੋਏ ਸਿਹਤਯਾਬ : ਡਾ. ਪ੍ਰੀਤੀ ਯਾਦਵ

-ਦਾਖਲ ਮਰੀਜ਼ਾਂ ਨੂੰ ਚੰਗਾ ਮਾਹੌਲ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਯਤਨਸ਼ੀਲ: ਡਾ. ਸ਼ੈਲੀ ਜੇਤਲੀ

ਨਿਊਜ਼ ਪੰਜਾਬ

ਪਟਿਆਲਾ,  13 ਸਤੰਬਰ: ਕੋਵਿਡ ਪਾਜ਼ੀਟਿਵ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਸਥਾਪਤ ਕੀਤਾ ਗਿਆ  ਕੋਵਿਡ ਕੇਅਰ ਸੈਂਟਰ ਇਲਾਜ ਦੇ ਨਾਲ-ਨਾਲ ਮਰੀਜ਼ਾਂ ਨੂੰ ਵਿਸਰ ਚੁੱਕੀਆਂ ਖੇਡਾਂ ਨਾਲ ਜੋੜਨ ਲਈ ਵੀ ਇਕ ਨਵੀਂ ਪਹਿਲ ਕਰ ਰਿਹਾ ਹੈ। ਮੋਬਾਈਲ ਦੇ ਯੁੱਗ ‘ਚ ਮਰੀਜ਼ਾਂ ਨੂੰ ਇੱਕ ਦੂਜੇ ਨਾਲ ਵਕਤ ਬਿਤਾਉਣ ਅਤੇ ਇੱਕ ਦੂਜੇ ਦੇ ਸੁੱਖ-ਦੁੱਖ ਦਾ ਭਾਈਵਾਲ ਬਣਨ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਲੂਡੋ ਵਰਗੀਆਂ ਖੇਡਾਂ ਖੇਡਣ ਲਈ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਮਰੀਜ਼ ਖੂਬ ਅਨੰਦ ਮਾਣ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਕੋਵਿਡ ਕੇਅਰ ਇੰਚਾਰਜ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਦੀ ਅਗਵਾਈ ‘ਚ ਰੋਜ਼ਾਨਾ ਹੀ ਕੋਈ ਨਾ ਕੋਈ ਗਤੀਵਿਧੀ ਕਰਵਾਈ ਜਾਂਦੀ ਹੈ, ਜੋ ਮਰੀਜ਼ਾਂ ਨੂੰ ਸਿਹਤਯਾਬ ਕਰਨ ਵਿੱਚ ਵੀ ਸਹਾਈ ਹੋ ਰਹੀ ਹੈ, ਉਨ੍ਹਾਂ ਦੱਸਿਆ ਕਿ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਲੈਵਲ-1ਕੋਵਿਡ ਕੇਅਰ ਸੈਂਟਰ ‘ਚ ਹੁਣ ਤੱਕ 792 ਮਰੀਜ਼ ਦਾਖਲ ਹੋਏ ਅਤੇ ਇਨ੍ਹਾਂ ਵਿਚੋਂ 683 ਸਿਹਤਯਾਬ ਹੋਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਮਰੀਜ਼ਾਂ ਨੂੰ ਚੰਗਾ ਮਾਹੌਲ ਦੇਣ ਅਤੇ ਇੱਕ ਦੂਸਰੇ ਨਾਲ ਸਮਾਂ ਬਿਤਾਉਣ ਲਈ ਰੋਜ਼ਾਨਾ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਉਨ੍ਹਾਂ ਦੱਸਿਆ ਕਿ ਦਾਖਲ ਮਰੀਜ਼ਾਂ ਵੱਲੋਂ ਅਤਿ ਆਧੁਨਿਕ ਉਪਕਰਨਾਂ ਦੇ ਹੁੰਦਿਆਂ ਵੀ ਲੂਡੋ ਵਰਗੀਆਂ ਖੇਡਾਂ ਖੇਡਣ ਵਿੱਚ ਕਾਫ਼ੀ ਉਤਸ਼ਾਹ ਦਿਖਾਇਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਮਰੀਜ਼ਾਂ ਲਈ ਯੋਗਾ ਤੇ ਮੈਡੀਟੇਸ਼ਨ ਕਲਾਸ, ਪੇਂਟਿੰਗ ਵਰਗੇ ਮੁਕਾਬਲੇ ਵੀ ਕਰਵਾਏ ਗਏ ਹਨ ਜਿਨ੍ਹਾਂ ‘ਚ ਮਰੀਜ਼ਾਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ‘ਚ ਵੀ ਮਰੀਜ਼ਾਂ ਨੂੰ ਚੰਗਾ ਮਾਹੌਲ ਦੇਣ ਲਈ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਰਹਿਣਗੀਆਂ।
ਕੈਪਸ਼ਨ : ਕੋਵਿਡ ਕੇਅਰ ਸੈਂਟਰ ਵਿਖੇ ਲੂਡੋ ਖੇਡਦੇ ਹੋਏ ਮਰੀਜ਼।