ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜੇ – ਹੋਰ ਅਧਿਕਾਰੀਆਂ ਨੂੰ ਫੜਣ ਲਈ ਛਾਪੇਮਾਰੀ
ਨਿਊਜ਼ ਪੰਜਾਬ
ਐੱਸ. ਏ. ਐੱਸ. ਨਗਰ, 22 ਅਗਸਤ – ਆਬਕਾਰੀ ਤੇ ਕਰ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਟਰਾਂਸਪੋਰਟਰਾਂ ਦੀ ਮਿਲੀ ਭੁਗਤ ਕਰਕੇ ਟੈਕਸ ਚੋਰੀ ਕਰਨ ਦੇ ਦੋਸ਼ਾਂ ਤਹਿਤ ਦੋ ਵੱਖ-ਵੱਖ ਮਾਮਲਿਆਂ ‘ਚ ਗ੍ਰਿਫ਼ਤਾਰ ਕੀਤੇ ਵਿਭਾਗ ਦੇ ਅਧਿਕਾਰੀਆਂ ਜਿਨ੍ਹਾਂ ਵਿੱਚ ਵਰੁਣ ਨਾਗਪਾਲ ਈਟੀਓ ਮੁਕਤਸਰ, ਸੱਤਪਾਲ ਮੁਲਤਾਨੀ ਈਟੀਓ ਫਰੀਦਕੋਟ, ਕਾਲੀਚਰਨ ਈਟੀਓ ਸ਼ੰਭੂ (ਮੋਬਾਈਲ ਵਿੰਗ), ਜਪਸਿਮਰਨ ਸਿੰਘ ਈਟੀਓ ਅੰਮ੍ਰਿਤਸਰ, ਰਾਮ ਕੁਮਾਰ ਇੰਸਪੈਕਟਰ ਜਲੰਧਰ ਅਤੇ ਸ਼ਿਵ ਕੁਮਾਰ ਮੁਨਸ਼ੀ ਸੋਮਨਾਥ ਟਰਾਂਸਪੋਰਟ ਫਗਵਾੜਾ ਨੂੰ ਅੱਜ ਵਿਜੀਲੈਂਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਉਕਤ ਅਧਿਕਾਰੀਆਂ ਨੂੰ 5-5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ ।
ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਆਬਕਾਰੀ ਤੇ ਕਰ ਵਿਭਾਗ ਦੇ 12 ਉੱਚ ਅਧਿਕਾਰੀਆਂ ਸਮੇਤ ਚਾਰ ਪ੍ਰਾਈਵੇਟ ਵਿਅਕਤੀਆਂ ਖਿਲਾਫ ਆਬਕਾਰੀ ਕਾਨੂੰਨ ਦੀ ਧਾਰਾ 7, 7ਏ, ਅਤੇ 8 ਸਮੇਤ ਤਾਜ਼ੀਰਾਤੇ ਹਿੰਦ ਦੀਆਂ ਵੱਖ ਵੱਖ ਧਾਰਾਵਾਂ 429, 465, 467, 471, 120-ਬੀ ਹੇਠ ਵਿਜੀਲੈਂਸ ਬਿਊਰੋ ਦੇ ਉੱਡਣ ਦਸਤਾ -1 ਦੇ ਥਾਣਾ ਮੁਹਾਲੀ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਸਨ ।
ਇਸ ਬਾਰੇ ਇੰਕਸਾਫ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ-ਕਮ-ਏਡੀਜੀਪੀ ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਸੀ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਪਾਰੀਆਂ ਨਾਲ ਭਾਗੀਦਾਰ ਬਣ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਸੀ ਜਿਸ ਕਰਕੇ ਵਿਜੀਲੈਂਸ ਬਿਊਰੋ ਨੇ ਇਹ ਵੱਡੀ ਕਾਰਵਾਈ ਕਰਦਿਆਂ ਇਨ੍ਹਾਂ ਅਧਿਕਾਰੀਆਂ ਅਤੇ ਵਪਾਰੀਆਂ ਖਿਲਾਫ ਦੋ ਪਰਚੇ ਦਰਜ ਕੀਤੇ ਹਨ ਅਤੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ I
ਇਕ ਮੁਕੱਦਮੇ ਵਿੱਚ ਆਬਕਾਰੀ ਅਤੇ ਕਰ ਵਿਭਾਗ ਦੇ ਡੀਈਟੀਸੀ ਸਿਮਰਨ ਬਰਾੜ, ਵੇਦ ਪ੍ਰਕਾਸ਼ ਜਾਖੜ ਈਟੀਓ ਫਾਜ਼ਿਲਕਾ, ਸੱਤਪਾਲ ਮੁਲਤਾਨੀ ਈਟੀਓ ਫਰੀਦਕੋਟ, ਕਾਲੀ ਚਰਨ ਈਟੀਓ ਮੋਬਾਇਲ ਵਿੰਗ ਚੰਡੀਗੜ੍ਹ ਐਟ ਸ਼ੰਭੂ, ਵਰੁਣ ਨਾਗਪਾਲ ਈਟੀਓ ਮੁਕਤਸਰ, ਰਵੀਨੰਦਨ ਈਟੀਓ ਫਾਜ਼ਿਲਕਾ, ਪਿਆਰਾ ਸਿੰਘ ਈਟੀਓ ਮੋਗਾ ਅਤੇ ਵਿਜੈ ਕੁਮਾਰ ਪ੍ਰਾਸ਼ਰ ਵਾਸੀ ਆਦਰਸ਼ ਕਾਲੋਨੀ ਖੰਨਾ, ਜ਼ਿਲ੍ਹਾ ਲੁਧਿਆਣਾ ਸ਼ਾਮਲ ਹਨ। ਇਸ ਤਰ੍ਹਾਂ ਦੂਸਰੇ ਕੇਸ ਵਿੱਚ ਸੁਸ਼ੀਲ ਕੁਮਾਰ ਈਟੀਓ ਅੰਮ੍ਰਿਤਸਰ (ਹੁਣ ਪਟਿਆਲਾ), ਦਿਨੇਸ਼ ਗੌੜ ਈਟੀਓ ਅੰਮ੍ਰਿਤਸਰ, ਜਪ ਸਿਮਰਨ ਸਿੰਘ ਈਟੀਓ ਅੰਮ੍ਰਿਤਸਰ, ਲਖਵੀਰ ਸਿੰਘ ਈਟੀਓ ਮੋਬਾਇਲ ਵਿੰਗ ਅੰਮ੍ਰਿਤਸਰ, ਰਾਮ ਕੁਮਾਰ ਇੰਸਪੈਕਟਰ, ਸੋਮਨਾਥ ਟਰਾਂਸਪੋਰਟਰ ਵਾਸੀ ਫਗਵਾੜਾ, ਸ਼ਿਵ ਕੁਮਾਰ ਮੁਨਸ਼ੀ (ਪਰਾਸ਼ਰ ਸੋਮਨਾਥ) ਅਤੇ ਪਵਨ ਕੁਮਾਰ ਸ਼ਾਮਲ ਹਨ।
ਦੂਸਰੇ ਕੇਸ ਦਾ ਖੁਲਾਸਾ ਕਰਦਿਆਂ ਸ੍ਰੀ ਉੱਪਲ ਨੇ ਦੱਸਿਆ ਕਿ ਵਿਜੀਲੈਂਸ ਨੂੰ ਸਾਧੂ ਟਰਾਂਸਪੋਰਟ ਦੇ ਮਾਲਕ ਸੋਮਨਾਥ ਵਾਸੀ ਫਗਵਾੜਾ ਵੱਲੋਂ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਟੈਕਸ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਵੱਲੋਂ ਪੰਜਾਬ ਦੇ ਅੰਦਰ ਜਾਅਲੀ ਬਿੱਲਾਂ ਰਾਹੀਂ ਸਾਮਾਨ ਲਿਆਉਣ ਅਤੇ ਪੰਜਾਬ ਤੋਂ ਬਾਹਰ ਗੈਰ ਕਾਨੂੰਨੀ ਢੰਗ ਨਾਲ ਵੱਖ ਵੱਖ ਵਪਾਰੀਆਂ ਦਾ ਸਾਮਾਨ ਜਾਅਲੀ ਬਿੱਲਾਂ ਰਾਹੀਂ ਢੋਣ ਮੌਕੇ ਗੱਡੀਆਂ ਚੈਕਿੰਗ ਨਾ ਕਰਨ ਦੇ ਇਵਜ਼ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਵੱਖ ਵੱਖ ਸਮਿਆਂ ਤੇ ਅਧਿਕਾਰੀਆਂ ਨੂੰ ਪਹੁੰਚਾਈ ਜਾਂਦੀ ਸੀ।
ਇਸ ਨਾਜਾਇਜ਼ ਕੰਮ ਵਿੱਚ ਸੋਮਨਾਥ ਦਾ ਮੁਨਸ਼ੀ (ਪਾਸਰ) ਸ਼ਿਵ ਕੁਮਾਰ ਅਤੇ ਪਵਨ ਕੁਮਾਰ ਸ਼ਾਮਲ ਹਨ ਇਹ ਪਵਨ ਕੁਮਾਰ ਕੁਝ ਈਟੀਓਜ਼ ਨਾਲ ਵੀ ਬਤੌਰ ਡਰਾਈਵਰ ਕੰਮ ਕਰਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੋਮਨਾਥ ਮਾਲਕ ਸਾਧੂ ਟਰਾਂਸਪੋਰਟ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਸ਼ੰਭੂ ਵਿਖੇ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਨੂੰ ਲੱਖਾਂ ਰੁਪਏ ਰਿਸ਼ਵਤ ਦਿੰਦਾ ਸੀ।ਟਰੱਕਾਂ ਨੂੰ ਬਾਰਡਰਾਂ ਤੋਂ ਪਾਸ ਕਰਵਾਉਣ ਵੇਲੇ ਇਹ ਮੋਬਾਈਲਾਂ ਨਾਲ ਇੱਕ ਦੂਜੇ ਉੱਤੇ ਸੰਪਰਕ ਵਿੱਚ ਰਹਿੰਦੇ ਸਨ ਅਤੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਬੰਧਤ ਗੱਡੀਆਂ ਬਿਨਾਂ ਰੋਕੇ ਲੰਘਾਉਣ ਲਈ ਸੂਚਨਾ ਦਿੰਦੇ ਸਨ।
ਤਸਵੀਰ ਸੰਕੇਤਕ