ਪਟਿਆਲਾ – ਸੁਤੰਤਰਤਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨ.ਜੀ.ਓ. ਦੇ ਸਹਿਯੋਗ ਨਾਲ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ ‘ਆਰਟ ਫ਼ਾਰ ਆਲ’ ਪ੍ਰੋਜੈਕਟ ਦੀ ਸ਼ੁਰੂਆਤ
-ਅੱਠ ਹਫ਼ਤੇ ਦਾ ਹੋਵੇਗਾ ‘ਆਰਟ ਫ਼ਾਰ ਆਲ’ ਪ੍ਰੋਗਰਾਮ : ਡਾ. ਪ੍ਰੀਤੀ ਯਾਦਵ
ਨਿਊਜ਼ ਪੰਜਾਬ
ਪਟਿਆਲਾ, 16 ਅਗਸਤ: ਸੁਤੰਤਰਤਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨ.ਜੀ.ਓ. ਦੇ ਸਹਿਯੋਗ ਨਾਲ ਬੱਚਿਆਂ ਦੇ ਹੁਨਰ ਨੂੰ ਹੋਰ ਤਰਾਸ਼ਣ ਲਈ ‘ਆਰਟ ਫ਼ਾਰ ਆਲ’ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਚਲਾਏ ਗਏ ਡਿਜੀਟਲ ਮਾਰਗਦਰਸ਼ਨ ਪ੍ਰੋਗਰਾਮ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਹੁਣ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ ਨਵੇਂ ਪ੍ਰੋਜੈਕਟ ‘ਆਰਟ ਫ਼ਾਰ ਆਲ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ‘ਆਰਟ ਫ਼ਾਰ ਆਲ’ ਪ੍ਰੋਜੈਕਟ ਦਿੱਲੀ ਦੀ ਐਨ.ਜੀ.ਓ. ‘ਸਲੈਮ ਆਊਟ ਲਾਊਡ’ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ ਜੋ ਸੈਕੰਡਰੀ ਸਕੂਲ ਤੱਕ ਦੇ ਵਿਦਿਆਰਥੀਆਂ ‘ਚ ਛੁਪੀ ਕਲਾਂ ਨੂੰ ਹੋਰ ਨਿਖਾਰੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਅੱਠ ਹਫ਼ਤੇ ਦਾ ਹੋਵੇਗਾ ਜੋ ਸਿੱਖਿਆ ਵਿਭਾਗ ਅਤੇ ਸੈਲਫ਼ ਹੈਲਪ ਗਰੁੱਪਾਂ ਦੇ ਵਟਸਐਪ ਗਰੁੱਪਾਂ ਅਤੇ ਹੋਰ ਸੋਸ਼ਲ ਮੀਡੀਆ ਸਾਧਨਾਂ ਰਾਹੀਂ ਚਲਾਇਆ ਜਾਵੇਗਾ ਅਤੇ ਹਰੇਕ ਹਫ਼ਤੇ ਪੰਜ ਵੀਡੀਓ ਇਸ ‘ਚ ਪਾਏ ਜਾਣਗੇ ਜਿਸ ਵਿੱਚ ਬੱਚਿਆ ਸਮੇਤ ਉਨ੍ਹਾਂ ਦੇ ਮਾਪਿਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਅਤੇ ਹਰੇਕ ਹਫ਼ਤੇ 5 ਜੇਤੂ ਬੱਚੇ ਵੀ ਐਲਾਨੇ ਜਾਣਗੇ। ਉਨ੍ਹਾਂ ਦੱਸਿਆ ਕਿ ‘ਸਲੈਮ ਆਊਟ ਲਾਊਡ’ ਵੱਲੋਂ ਲਾਈਵ ਵੀਡੀਓਜ਼ ਸੈਸ਼ਨ ਵੀ ਲਗਾਏ ਜਾਣਗੇ ਜਿਥੇ ਆਰਟ ਮਾਸਟਰ ਬੱਚਿਆਂ ਨੂੰ ਨਵੀਆਂ ਚੀਜ਼ਾਂ ਸਿਖਾਉਣਗੇ ਅਤੇ ਬੱਚੇ ਆਪਣੇ ਸਵਾਲਾਂ ਦੇ ਜਵਾਬ ਵੀ ਲੈ ਸਕਣ।