ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਅਕ ਮੁਕਾਬਲੇ: ਭਾਸ਼ਨ ਪ੍ਰਤੀਯੋਗਤਾ ਅੱਜ ਤੋਂ
ਪਹਿਲਾਂ ਹੋਈਆਂ ਤਿੰਨ ਪ੍ਰਤੀਯੋਗਤਾਵਾਂ ‘ਚ 74 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਲਿਆ ਹਿੱਸਾ
ਨਿਊਜ਼ ਪੰਜਾਬ
ਪਟਿਆਲਾ 16 ਅਗਸਤ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਤੀਸਰੀ ਪ੍ਰਤੀਯੋਗਤਾ ਭਾਸ਼ਨ ਮੁਕਾਬਲੇ ਭਲਕੇ 17 ਅਗਸਤ ਤੋਂ ਆਰੰਭ ਹੋਵੇਗੀ।
ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਇਨ੍ਹਾਂ ਮੁਕਾਬਲਿਆਂ ਤਹਿਤ ਸ਼ਬਦ ਗਾਇਨ, ਗੀਤ ਗਾਇਨ ਤੇ ਕਵਿਤਾ ਉਚਾਰਨ ਪ੍ਰਤੀਯੋਗਤਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 74 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਉਨ੍ਹਾਂ ਸਬੰਧੀ ਗਤੀ ਤੇ ਕਵਿਤਾਵਾਂ ਦਾ ਉਚਾਰਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਸਕੂਲ ਪੱਧਰ ਦੇ ਭਾਸ਼ਨ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ 17 ਅਗਸਤ ਤੋਂ 21 ਅਗਸਤ ਰਾਤ 12 ਵਜੇ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ‘ਤੇ ਅਪਲੋਡ (ਪਬਲਿਕ ਲਈ) ਕਰ ਸਕਦੇ ਹਨ। 22 ਅਗਸਤ ਨੂੰ ਸਕੂਲ ਮੁਖੀ ਆਪੋ-ਆਪਣੇ ਸਕੂਲਾਂ ਦਾ ਨਤੀਜਾ/ਰਜਿਸਟ੍ਰੇਸ਼ਨ ਅਪਲੋਡ ਕਰਨਗੇ ਅਤੇ 23 ਅਗਸਤ ਨੂੰ ਸਟੇਟ ਤਕਨੀਕੀ ਟੀਮ ਵੀਡੀਓਜ਼ ਦੀ ਬਲਾਕ ਵਾਰ ਵੰਡ ਕਰੇਗੀ। ਸਾਰੇ ਵਰਗਾਂ ਦੇ ਪ੍ਰਤੀਯੋਗੀ 3 ਤੋਂ 5 ਮਿੰਟ ‘ਚ ਆਪਣਾ ਭਾਸ਼ਨ ਪੂਰਾ ਕਰਕੇ, ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਭਾਸ਼ਨ ਪੂਰੀ ਤਰ੍ਹਾਂ ਗੁਰ ਮਰਿਆਦਾ ਤੇ ਨਿਯਮਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਜੀਵਨ, ਸਿਧਾਂਤਾਂ, ਉਦੇਸ਼ਾਂ, ਉਸਤਤ ਤੇ ਕੁਰਬਾਨੀ ‘ਤੇ ਅਧਾਰਤ ਹੋਣਗੇ। ਭਾਸ਼ਨ ਪੜਕੇ ਨਹੀਂ ਬੋਲਿਆ ਜਾਵੇਗਾ। ਪ੍ਰਤੀਯੋਗੀ ਲਗਾਤਾਰ ਜ਼ੁਬਾਨੀ ਉਚਾਰਨ ਕਰੇਗਾ ਅਤੇ ਕੱਟ-ਕੱਟ ਕੇ ਵੀਡੀਓ ਨਹੀਂ ਬਣਾਈ ਜਾਵੇਗੀ। ਇਸ ਤੋਂ ਅੱਗੇ ਬਲਾਕ, ਜ਼ਿਲ੍ਹਾ ਤੇ ਰਾਜ ਪੱਧਰੀ ਦੇ ਨਤੀਜਿਆਂ ਦੀ ਪ੍ਰਕਿਰਿਆ ਆਰੰਭ ਹੋਵੇਗੀ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ (ਐਲੀ.) ਮਨਵਿੰਦਰ ਕੌਰ ਭੁੱਲਰ ਤੇ ਜ਼ਿਲ੍ਹਾ ਨੋਡਲ ਅਫ਼ਸਰ (ਸੈ.) ਪ੍ਰਿੰ. ਰਜਨੀਸ਼ ਗੁਪਤਾ, ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ, ਦੀਪਕ ਵਰਮਾ, ਸਹਾਇਕ ਨੋਡਲ ਅਫ਼ਸਰ ਗੋਪਾਲ ਕ੍ਰਿਸ਼ਨ ਤੇ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਹਿਲੇ ਹੋਏ ਮੁਕਾਬਲਿਆਂ ਵਾਂਗ ਪਟਿਆਲਾ ਜ਼ਿਲ੍ਹਾ ਪ੍ਰਤੀਯੋਗੀਆਂ ਦੇ ਮਾਮਲੇ ‘ਚ ਰਾਜ ਭਰ ‘ਚੋਂ ਅੱਗੇ ਰਹੇਗਾ।