ਉਦਯੋਗ ਵਿਭਾਗ ਨੇ ਬੁਆਇਲਰ ਲਈ ਯਕਮੁਸ਼ਤ ਟੈਕਸ ਛੋਟ ਦਾ ਲਾਹਾ ਲੈਣ ਹਿੱਤ ਰਜਿਸਟਰੇਸ਼ਨ ਦੀ 31 ਅਗਸਤ ਤੱਕ ਵਧਾਈ

ਬੁਆਇਲਰ ਆਪ੍ਰੇਸ਼ਨ ਇੰਜਨੀਅਰਜ਼ ਦੀ ਪ੍ਰੀਖਿਆ ਅਕਤੂਬਰ ’ਚ ਹੋਵੇਗੀ

ਨਿਊਜ਼ ਪੰਜਾਬ

ਚੰਡੀਗੜ, 9 ਅਗਸਤ:  ਸੂਬੇ ਵਿੱਚ ਕੰਮ ਕਰ ਰਹੇ ਬੁਆਇਲਰਾਂ ਦੀ ਤਕਨੀਕੀ ਮਨੁੱਖੀ ਸ਼ਕਤੀ ਦੀ ਘਾਟ ਨੂੰ ਪੂਰਾ ਕਰਨ ਅਤੇ ਰੋਜ਼ਗਾਰ ਦੀ ਸੰਭਾਵਨਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਬੁਆਇਲਰ ਆਪ੍ਰੇਸ਼ਨ ਇੰਜੀਨੀਅਰਜ਼ (ਬੀ.ਓ.ਈ) ਦੀ ਪ੍ਰੀਖਿਆ ਅਕਤੂਬਰ ਜਾਂ ਨਵੰਬਰ ਵਿੱਚ ਆਯੋਜਿਤ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਵਿਭਾਗ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਇਹ ਪ੍ਰੀਖਿਆ ਪਹਿਲਾਂ ਅਗਸਤ ਵਿੱਚ ਆਯੋਜਿਤ ਕੀਤੀ ਜਾਣੀ ਸੀ ਪਰ ਕੋਵਿਡ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਬੁਆਇਲਰ ਆਪ੍ਰੇਸ਼ਨ ਇੰਜੀਨੀਅਰਜ਼ ਦੀ ਪ੍ਰੀਖਿਆ ਪਿਛਲੀ ਵਾਰ ਸਾਲ 2010 ਵਿਚ ਪੰਜਾਬ ਵਿਚ ਹੋਈ ਸੀ। ਉਨਾਂ ਅੱਗੇ ਕਿਹਾ ਕਿ ਸੂਬੇ ਵਿੱਚ ਬੁਆਇਲਰ ਆਪ੍ਰੇਸ਼ਨ ਇੰਜੀਨੀਅਰਾਂ ਦੀ ਕੁੱਲ ਗਿਣਤੀ ਵਿੱਚ ਇੱਕ ਖਲਾਅ ਮਹਿਸੂਸ ਕੀਤਾ ਜਾ ਰਿਹਾ ਸੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉੱਚ ਪੱਧਰੀ ਪ੍ਰੀਖਿਆ ਨੂੰ ਬਣਾਈ ਰੱਖਣ ਲਈ ਸੂਬਾ ਸਰਕਾਰ ਵਲੋਂ ਆਧੁਨਿਕ ਬੁਆਇਲਰ ਕਾਰਜ ਪ੍ਰਣਾਲੀ ਸਬੰਧੀ ਉੱਚ ਵਿੱਦਿਅਕ ਯੋਗਤਾ ਅਤੇ ਵਿਵਹਾਰਕ ਗਿਆਨ ਰੱਖਣ ਵਾਲੇ ਮੈਂਬਰਾਂ ਮਾਹਰਾਂ ਦਾ ਇੱਕ ਪ੍ਰੀਖਿਆ ਬੋਰਡ ਬਣਾਇਆ ਗਿਆ ਹੈ। ਇਮਤਿਹਾਨ ਵਿੱਚ ਲਿਖਤੀ ਅਤੇ ਮੌਖਿਕ ਪ੍ਰੀਖਿਆ ਹੋਵੇਗੀ। ਲਿਖਤੀ ਪ੍ਰੀਖਿਆ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ ਵੱਲੋਂ ਕਰਵਾਈ ਜਾਵੇਗੀ।

ਬੁਲਾਰੇ ਨੇ ਦੱਸਿਆ ਕਿ ਬਿਨੈ ਪੱਤਰ ਸਮੇਤ ਦਸਤਾਵੇਜ਼ ਅਤੇ ਪ੍ਰੀਖਿਆ ਫੀਸ ਆਨਲਾਈਨ ਜਮਾਂ ਕਰਵਾਈ ਜਾ ਸਕਦੀ ਹੈ ਅਤੇ ਹੁਣ ਤੱਕ 430 ਵਿਦਿਆਰਥੀਆਂ ਨੇ ਇਨਵੈਸਟ ਪੰਜਾਬ ਪੋਰਟਲ ’ਤੇ ਆਨਲਾਈਨ ਅਪਲਾਈ ਕੀਤਾ ਹੈ।

ਇਕ ਹੋਰ ਫੈਸਲੇ ਵਿੱਚ ਉਦਯੋਗ ਵਿਭਾਗ ਨੇ ਅਜਿਹੇ ਬੁਆਇਲਰ ਉਪਭੋਗਤਾਵਾਂ ਲਈ ਇੱਕ ਸਮੇਂ ਦੀ ਟੈਕਸ ਰਾਹਤ (ਐਮਨਿਸਟੀ) ਸਕੀਮ ਦੀ ਤਰੀਕ 31 ਅਗਸਤ, 2020 ਤੱਕ ਵਧਾ ਦਿੱਤੀ ਹੈ ਜੋ ਬੁਆਇਲਰਜ਼ ਐਕਟ, 1923 ਅਤੇ ਇੰਡੀਅਨ ਬੁਆਇਲਰ ਰੈਗੂਲੇਸ਼ਨਜ਼, 1950 ਵਿਚ ਦਰਜ ਧਾਰਾਵਾਂ ਦੀ ਪਾਲਣਾ ਕੀਤੇ ਬਗੈਰ ਕੰਮ ਕਰ ਰਹੇ ਹਨ, ਤਾਂ ਜੋ ਉਨਾਂ ਦੇ ਬੁਆਇਲਰਾਂ ਨੂੰ ਵਿਭਾਗ ਅਧੀਨ ਰੈਗੂਲਰ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਪਹਿਲਾਂ ਇਹ ਅੰਤਿਮ ਤਰੀਕ 31 ਜੁਲਾਈ ਮਿਥੀ ਗਈ ਸੀ।

ਬੁਆਇਲਰਾਂ ਨੂੰ ਨਿਯਮਤ ਕਰਨ ਦੀ ਯੋਜਨਾ ਤਹਿਤ ਅਜਿਹੇ ਬੁਆਇਲਰ ਜੋ ਇਸ ਸਮੇਂ ਸੂਬੇ ਦੀ ਮਨਜ਼ੂਰੀ ਤੋਂ ਬਿਨੲ ਚੱਲ ਰਹੇ ਹਨ,  ਦੇ ਮਾਲਕਾਂ ਨੂੰ ਸਬੰਧਤ ਅਧਿਕਾਰੀਆਂ ਵਲੋਂ ਜਾਰੀ ਕੀਤੇ ਜਾਇਜ਼ ਦਸਤਾਵੇਜ਼ ਪੇਸ਼ ਕਰਨੇ ਪੈਣਗੇ ਅਤੇ ਡਿਫਾਲਟ ਦੀ ਮਿਆਦ ਲਈ ਨਿਰੀਖਣ ਫੀਸ ਦੇ ਰੂਪ ਵਿੱਚ ਰਾਜ ਸਰਕਾਰ ਨੂੰ ਹੋਏ ਨੁਕਸਾਨ ਸਮੇਤ ਨਾਮਾਤਰ ਫੀਸ ਅਦਾ ਕਰਨੀ ਹੋਵੇਗੀ।

ਰਜਿਸਟਰਡ ਬੁਆਇਲਰਾਂ ਲਈ ਨਾਮਾਤਰ ਫੀਸ 25,000/- ਰੁਪਏ ਹੋਵੇਗੀ ਅਤੇ ਜਿਸਦਾ ਬੁਆਇਲਰ ਰਜਿਸਟਰਡ ਹੈ ਪਰ 31 ਦਸੰਬਰ, 2019 ਨੂੰ ਮਿਆਦ ਪੁੱਗ ਜਾਣ ਪਿੱਛੋਂ ਨਵੇਂ ਲਾਇਸੰਸ ਜਾਰੀ ਨਾ ਕਰਵਾਉਣ ਵਾਲਿਆਂ ਲਈ ਨਾਮਾਤਰ ਫੀਸ 10,000 ਰੁਪਏ ਹੋਵੇਗੀ। ਇਸ ਦਾ ਲਾਭ ਉਠਾਉਣ ਲਈ ਬੁਆਇਲਰ ਉਪਭੋਗਤਾ 31 ਅਗਸਤ ਜਾਂ ਇਸ ਤੋਂ ਪਹਿਲਾਂ ਬਿਜ਼ਨਸ ਫਸਟ ਪੋਰਟਲ ’ਤੇ ਆਨਲਾਈਨ ਬੁਆਇਲਰਜ਼ ਲਈ ਬੁਆਇਲਰਜ਼, ਪੰਜਾਬ ਦੇ ਡਾਇਰੈਕਟਰ ਨੂੰ ਅਪਲਾਈ ਕਰਨਗੇ।