ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਹਿੰਮਤ ਸਦਕਾ ਵੈਂਟੀਲੇਟਰ ਰਾਹੀਂ ਸਾਹ ਲੈ ਰਹੀ ਲੁਧਿਆਣਾ ਦੀ ਗੰਭੀਰ ਕੋਰੋਨਾ ਪਾਜਿਟਿਵ ਮਹਿਲਾ ਨੇ ਲਿਆ ‘ ਸੁੱਖ ਦਾ ਸਾਹ ‘
ਮਿਸ਼ਨ ਫ਼ਤਿਹ
ਸਾਂਹ ਨਾ ਆਉਣ ਕਰਕੇ ਗੰਭੀਰ ਹਾਲਤ ‘ਚ ਦਾਖਲ ਕੋਵਿਡ ਪਾਜਿਟਿਵ ਮਹਿਲਾ ਮਰੀਜ ਦੀ ਹਾਲਤ ਸਥਿਰ
ਨਿਊਜ਼ ਪੰਜਾਬ
ਪਟਿਆਲਾ, 9 ਅਗਸਤ: ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕੋਵਿਡ-19 ਪਾਜਿਟਿਵ ਮਰੀਜਾਂ ਦੇ ਇਲਾਜ ਲਈ ਸਥਾਪਤ ਕੋਵਿਡ ਆਈ.ਸੀ.ਯੂ. ਵਿਖੇ ਸਾਂਹ ਲੈਣ ਦੀ ਔਖਿਆਈ ਕਰਕੇ ਗੰਭੀਰ ਹਾਲਤ ‘ਚ ਦਾਖਲ ਹੋਈ ਲੁਧਿਆਣਾ ਨਾਲ ਸਬੰਧਤ ਇੱਕ ਕੋਰੋਨਾ ਪਾਜਿਟਿਵ 50 ਸਾਲਾ ਮਹਿਲਾ ਮਰੀਜ, ਹਸਪਤਾਲ ਦੇ ਡਾਕਟਰਾਂ ਦੀ ਮਿਹਨਤ ਸਦਕਾ ਹੁਣ ਵੈਂਟੀਲੇਟਰ ਤੋਂ ਉਤਰ ਕੇ ਸਿਹਤਯਾਬੀ ਵੱਲ ਕਦਮ ਵਧਾ ਰਹੀ ਹੈ।
newspunjab.net ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਇਸ ਬਾਰੇ ਦੱਸਿਆ ਕਿ ਲੁਧਿਆਣਾ ਦੀ 50 ਸਾਲਾ ਮਹਿਲਾ ਸ਼ੁਕਲਾ 31 ਜੁਲਾਈ ਦੀ ਰਾਤ ਨੂੰ ਐਸਪੀਓਟੂ 65 ਫੀਸਦੀ ਅਤੇ ਨੱਕ ‘ਚ ਸਾਂਹ ਦਿਵਾਉਣ ਵਾਲੀ ਲੱਗੀ ਨਾਲੀ ਸਮੇਤ ਗੰਭੀਰ ਹਾਲਤ ‘ਚ ਕੋਵਿਡ ਆਈਸੋਲੇਸ਼ਨ ਵਾਰਡ ਵਿਖੇ ਦਾਖਲ ਹੋਈ ਸੀ।ਹੁਣ ਸਿਹਤਮੰਦ ਹੋ ਰਹੀ ਹੈ, ਮਹਿਲਾ ਮਰੀਜ ਦੀ ਐਸਪੀਓਟੂ 97.7 ਫੀਸਦੀ ਹੈ
ਇਸ ਮਹਿਲਾ ਮਰੀਜ ਦੀ ਹਾਲਤ ਦੇਖਦਿਆਂ, ਇਸ ਨੂੰ ਤੁਰੰਤ ਸੰਭਾਲਦਿਆਂ ਇਲਾਜ ਸ਼ੁਰੂ ਕੀਤਾ ਗਿਆ ਪਰੰਤੂ ਮਰੀਜ ਦਾ ਸਾਂਹ ਟਿਕ ਨਹੀਂ ਸੀ ਰਿਹਾ ਜਿਸ ਕਰਕੇ ਇਸਨੂੰ ਬਾਇਪੈਪ ਰਾਹੀਂ ਆਕਸੀਜਨ ਦਿੱਤੀ ਗਈ। ਇਸ ਦੇ ਬਾਵਜੂਦ ਮਰੀਜ ਦਾ ਸਾਂਹ ਟਿਕ ਨਹੀਂ ਪਾਇਆ, ਸਿੱਟੇ ਵਜੋਂ ਮਰੀਜ ਨੂੰ ਇਸੇ ਰਾਤ ਵੈਂਟੀਲੇਟਰ ਮਸ਼ੀਨ ਦੀ ਟਿਊਬ ਰਾਹੀਂ ਸਾਂਹ ਦਿਵਾਇਆ ਗਿਆ।
ਐਮ.ਐਸ. ਨੇ ਦੱਸਿਆ ਕਿ ਮਰੀਜਾਂ ਲਈ ਅਜਿਹੀ ਹਾਲਤ ਨੂੰ ਬਹੁਤ ਗੰਭੀਰ ਮੰਨਿਆਂ ਜਾਂਦਾ ਹੈ ਪਰੰਤੂ ਡਾਕਟਰਾਂ ਦੀ ਮਿਹਨਤ ਅਤੇ ਬਿਹਤਰ ਇਲਾਜ ਸਦਕਾ ਮਰੀਜ ਦੀ ਜਾਨ ਬਚ ਗਈ ਅਤੇ ਚਾਰ ਦਿਨਾਂ ਬਾਅਦ ਉਸਦੀ ਸਾਂਹ ਨਾਲੀ ਤੋਂ ਸਫ਼ਲਤਾ ਪੂਰਵਕ ਵੈਂਟੀਲੇਟਰ ਦੀ ਟਿਊਬ ਨੂੰ ਹਟਾਇਆ ਗਿਆ। ਇਸ ਤੋਂ ਬਾਅਦ ਮਰੀਜ ਦੀ ਹਾਲਤ ਦਿਨ-ਪ੍ਰਤੀ-ਦਿਨ ਸੁਧਰਦੀ ਚਲੀ ਗਈ ਅਤੇ ਇਹ ਹੁਣ ਸਿਹਤਮੰਦ ਹੋ ਰਹੀ ਹੈ। ਮਹਿਲਾ ਮਰੀਜ ਦੀ ਐਸਪੀਓਟੂ 97.7 ਫੀਸਦੀ ਹੈ, ਜਿਸ ਨੂੰ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਕਾਮਯਾਬੀ ਮੰਨਿਆ ਜਾਂਦਾ ਹੈ।
ਕੋਵਿਡ ਆਈਸੋਲੇਸ਼ਨ ਫੈਸਲਿਟੀ ਟੀਮਾਂ ਦੇ ਇੰਚਾਰਜ ਤੇ ਮੈਂਬਰ ਡਾਕਟਰਾਂ ਸਮੇਤ ਪੈਰਾ ਮੈਡੀਕਲ ਅਮਲਾ ਤੇ ਹੈਲਥ ਵਰਕਰਜ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਤੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਦੀ ਅਗਵਾਈ ਹੇਠ ਸਮੁੱਚਾ ਅਮਲਾ ਆਪਸੀ ਤਾਲਮੇਲ ਨਾਲ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਨੂੰ ਹਰਾਉਣ ਲਈ 24 ਘੰਟੇ-ਸੱਤੇ ਦਿਨ ਤਤਪਰ ਹੈ।
********
ਫੋਟੋ ਕੈਪਸ਼ਨ-ਸਰਕਾਰੀ ਰਜਿੰਦਰਾ ਹਸਪਤਾਲ ਦੀ ਕੋਵਿਡ-19 ਆਈਸੋਲੇਸ਼ਨ ਆਈ.ਸੀ.ਯੂ. ਵਿਖੇ ਵੈਂਟੀਲੇਟਰ ਤੋਂ ਥੱਲੇ ਆਈ ਮਹਿਲਾ ਸਿਹਤਯਾਬੀ ਵੱਲ ਵੱਧਦੀ ਹੋਈ।