ਤਰਨ ਤਾਰਨ ਜ਼ਿਲ੍ਹੇ ਦੇ 4533 ਮਰੀਜ਼ ਛੱਡਣਾ ਚਹੁੰਦੇ ਹਨ ਨਸ਼ਾ – ਓਟ ਕਲੀਨਿਕਾਂ ‘ਚ ਮਾਰਚ 2020 ਤੋਂ ਲੈ ਕੇ ਹੁਣ ਤੱਕ ਹੋਏ ਰਜ਼ਿਸਟਰਡ
ਮਾਰਚ ਤੋਂ ਲੈ ਕੇ ਹੁਣ ਤੱਕ 32 ਮਰੀਜ਼ਾਂ ਨੇ ਨਸ਼ੇ ਦੀ ਗੋਲੀ ਲੈਣੀ ਛੱਡੀ-ਸਿਵਲ ਸਰਜਨ
ਨਿਊਜ਼ ਪੰਜਾਬ
ਤਰਨ ਤਾਰਨ, 9 ਅਗਸਤ : ਪੰਜਾਬ ਸਰਕਾਰ ਵੱਲੋਂ ਪੰਜਾਬ ਸੂਬੇ ਵਿੱਚ ਨਸ਼ਾ ਮੁਕਤ ਪੰਜਾਬ ਸਿਰਜਨ ਲਈ ਨਵਾਂ ਉਪਰਾਲਾ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਅਸਰਦਾਰ ਇਲਾਜ਼ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ 26 ਅਕਤੂਬਰ, 2017 ਨੂੰ ਆਊਟਪੇਸ਼ਟ ਓ. ਪੀ. ਡੀ ਅਸਿਸਟਡ ਟਰੀਟਮੈਂਟ “ਓਟ” ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਆਊਟਪੇਸ਼ਟ ਓ. ਪੀ. ਡੀ ਅਸਿਸਟਡ ਟਰੀਟਮੈਂਟ ਤਹਿਤ ਵਿੱਚ ਤਕਰੀਬਨ 17402 ਮਰੀਜ਼ਾ ਦੀ ਰਜ਼ਿਸਟ੍ਰੇਸ਼ਨ ਹੋਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਇਸ ਸਮੇਂ 14 ਓਟ ਕਲੀਨਿਕ ਚੱਲ ਰਹੇ ਹਨ। ਇਹ ਕਲੀਨਿਕ 08 ਤੋਂ 02 ਵਜੇ ਤੱਕ ਹਫ਼ਤੇ ਦੇ 7 ਦਿਨ ਤੱਕ ਰੋਜ਼ਾਨਾ ਖੁੱਲ੍ਹੇ ਰਹਿੰਦੇ ਹਨ।ਉਹਨਾਂ ਦੱਸਿਆ ਕਿ ਕੋਵਿਡ-19 ਦੇ ਚੱਲਦੇ ਜ਼ਿਲ੍ਹੇ ਦੇ ਓਟ ਕਲੀਨਿਕਾਂ ਵਿੱਚ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਰਜਿਸਟਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਓਟ ਕਲੀਨਿਕਾਂ ਮਾਰਚ 2020 ਤੋਂ ਲੈ ਕੇ ਹੁਣ ਤੱਕ 4533 ਮਰੀਜ਼ ਰਜ਼ਿਸਟਰਡ ਕੀਤੇ ਗਏ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਮਾਰਚ 2020 ਤੋਂ ਲੈ ਕੇ ਹੁਣ ਤੱਕ 32 ਮਰੀਜ਼ਾਂ ਨੇ ਨਸ਼ੇ ਦੀ ਗੋਲੀ ਲੈਣੀ ਛੱਡ ਦਿੱਤੀ ਹੈ ਅਤੇ ਉਨ੍ਹਾਂ ਦਾ ਸਮੇਂ ਸਮੇਂ ਤੇ ਰੋਟੀਨ ਚੈੱਕਅੱਪ ਚਲਦਾ ਪਿਆ ਹੈ । ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿੱਚ ਨਸ਼ਿਆ ਨੂੰ ਠੱਲ੍ਹ ਪਾਉਣ ਲਈ ਇਹ ਪ੍ਰੋਗਰਾਮ ਦਾ ਆਰੰਭ ਕੀਤਾ ਗਿਆ ਸੀ । ਜਿਸ ਤਹਿਤ “ਓਟ” ਕਲੀਨਿਕਾਂ ਵਿੱਚ ਟੀ.ਬੀ ਦੇ ਮਰੀਜ਼ਾ ਵਾਂਗ ਓ. ਪੀ. ਆਈ. ਓ. ਡੀ ਮਰੀਜ਼ ਨੂੰ ਸਾਹਮਣੇ ਬਿਠਾ ਕੇ ਦਵਾਈ ਖੁਆਈ ਜਾਵੇਗੀ । ਇਸ ਕਲੀਨਿਕ ਦਾ ਮੁੱਖ ਮਕਸਦ ਇਹ ਹੈ ਕਿ ਮਰੀਜ਼ ਕਲੀਨਿਕ ਵਿੱਚੋਂ ਦਵਾਈ ਖਾ ਕੇ ਇਕ ਆਮ ਆਦਮੀ ਦੀ ਤਰ੍ਹਾਂ ਆਪਣੇ ਰੋਜ਼ਗਾਰ ‘ਤੇ ਜਾ ਸਕਦਾ ਹੈ ।
ਇਹ ਦੱਸਣਯੋਗ ਗੱਲ ਹੈ ਕਿ ਇਸ ਓਟ ਕਲੀਨਿਕਾਂ ਵਿੱਚ ਇਲਾਜ਼ ਬਿਲਕੁਲ ਮੁਫ਼ਤ ਹੈ । ਇਸ ਓਟ ਪ੍ਰੋਗਰਾਮ ਵਿੱਚ ਜਿਹੜੀ ਗੋਲੀ ਜਿਸ ਦੀ ਡੋਜ 2.5 ਮਿਲੀਗ੍ਰਾਮ ਦੀ ਹੈ, ਮਰੀਜ਼ ਨੂੰ ਉਸਦੇ ਨਸ਼ੇ ਮੁਤਾਬਿਕ ਸ਼ੁਰੂਆਤ ਵਿੱਚ 2 ਤੋਂ 3 ਗੋਲੀਆਂ ਇਕ ਵਾਰ ਜੀਭ ਹੇਠ ਪੀਸ ਕੇ ਦਿੱਤੀਆਂ ਜਾਂਦੀਆ ਹਨ । ਇਸ ਪ੍ਰੋਗਰਾਮ ਵਿੱਚ ਮਰੀਜ਼ ਨੂੰ ਦੋ ਸਾਲ ਤੱਕ ਦਵਾਈ ਦੇ ਕੇ ਮਰੀਜ਼ ਦੀ ਕਾਊਸਲਿੰਗ ਅਤੇ ਇੰਨਡੋਰ ਮਰੀਜ਼ ਬਣਾ ਕੇ ਨਸ਼ਾ ਵੀ ਸਰਕਾਰੀ ਨਸ਼ਾ ਛੁਡਾਉ ਕੇਂਦਰ ਵਿੱਚ ਦਾਖ਼ਲ ਕਰਕੇ ਛੁਡਵਾਇਆ ਜਾਵੇਗਾ।