ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ‘ਅੰਬੈਸਡਰਜ਼ ਆਫ਼ ਹੋਪ’ ’ਚ ਜਿੱਤਿਆ ਦੂਜਾ ਇਨਾਮ
ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਜੇਤੂਆਂ ਨੂੰ ਵੀਡਿਓ ਕਾਲ ਕਰ ਦਿੱਤੀ ਵਧਾਈ
ਪਹਿਲਾ ਇਨਾਮ ਬਾਰਵੀਂ ਜਮਾਤ ਦੇ ਗੁਰਵਿੰਦਰ ਸਿੰਘ, ਦੂਜਾ ਬਾਰਵੀਂ ਦੀ ਹੀ ਪਰੀਤੀ ਤੇ ਪਹਿਲੀ ਜਮਾਤ ’ਚ ਨਿੱਕੀ ਬੱਚੀ ਗੁਰਸਿਮਰਤ ਨੇ ਜਿੱਤਿਆ ਤੀਜਾ ਇਨਾਮ
ਨਿਊਜ਼ ਪੰਜਾਬ
ਨਵਾਂਸ਼ਹਿਰ , 28 ਜੁਲਾਈ: ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ’ਤੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਜੇਤੂਆਂ ਦੇ ਨਾਮ ਐਲਾਨਣ ਮਗਰੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ’ਚੋਂ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨਾਲ ਵੀਡਿਓ ਕਾਲ ’ਤੇ ਗੱਲਬਾਤ ਕੀਤੀ ਅਤੇ ਮੁਕਾਬਲੇ ’ਚ ਅੱਵਲ ਰਹਿਣ ’ਤੇ ਉਨਾਂ ਨੂੰ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਲਈ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ‘ਅੰਬੈਸਡਰਜ਼ ਆਫ਼ ਹੋਪ’ ਨਾਂ ਦਾ ਆਨਲਾਇਨ ਮੁਕਾਬਲਾ ਚਲਾਇਆ ਗਿਆ ਸੀ ਜਿਸ ਨੂੰ ਪੰਜਾਬ ਭਰ ’ਚੋਂ ਭਰਪੂਰ ਹੁੰਗਾਰਾ ਮਿਲਿਆ ਸੀ। ਆਪਣੀ ਤਰਾਂ ਦੇ ਇਸ ਪਹਿਲੇ ਮੁਕਾਬਲੇ ’ਚ ਸਿਰਫ਼ ਅੱਠ ਦਿਨਾਂ ’ਚ ਸੂਬੇ ’ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਹੁਣ ਸ਼੍ਰੀ ਸਿੰਗਲਾ ਵੱਲੋਂ ਇਸ ਮੁਕਾਬਲੇ ’ਚ ਹਰ ਜ਼ਿਲੇ ’ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।
ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ’ਚੋਂ ਇਸ ਮੁਕਾਬਲੇ ਲਈ 1,655 ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਨਾਂ ’ਚੋਂ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਬਾਰਵੀਂ ਕਲਾਸ ’ਚ ਪੜਦੇ ਗੁਰਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਐਪਲ ਦੀ ਆਈਪੈਡ ਜਿੱਤੀ ਹੈ ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਾਲਾ ਰਣੂੰਆਂ ਦੀ ਵਿਦਿਆਰਥਣ ਪਰੀਤੀ ਨੇ ਦੂਸਰਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਹੈ। ਇਸਦੇ ਨਾਲ ਹੀ ਸਾਧੂ ਸਿੰਘ ਸ਼ੇਰਗਿੱਲ ਮੈਪਲ ਬੀਅਰ ਕੈਨੇਡੀਅਨ ਸਕੂਲ ਮੁਕੰਦਪੁਰ ’ਚ ਪਹਿਲੀ ਜਮਾਤ ’ਚ ਪੜਦੀ ਨਿੱਕੀ ਜਿਹੀ ਬੱਚੀ ਗੁਰਸਿਮਰਤ ਕੌਰ ਨੇ ਤੀਸਰੇ ਸਥਾਨ ’ਤੇ ਰਹਿ ਕੇ ਐਂਡਰੋਇਡ ਟੈਬਲੇਟ ਜਿੱਤੀ ਹੈ।
ਵੀਡਿਓ ਕਾਲ ’ਤੇ ਗੱਲਬਾਤ ਦੌਰਾਨ ਗੁਰਵਿੰਦਰ ਸਿੰਘ ਨੇ ਸ਼੍ਰੀ ਵਿਜੈ ਇੰਦਰ ਸਿੰਗਲਾ ਨੂੰ ਦੱਸਿਆ ਕਿ ਉਸਨੂੰ ਗਾਉਣ ਦਾ ਬਹੁਤ ਸ਼ੌਕ ਹੈ ਅਤੇ ਜਦੋਂ ਉਸਨੇ ਇਸ ਆਨਲਾਇਨ ਮੁਕਾਬਲੇ ਬਾਰੇ ਸੁਣਿਆਂ ਤਾਂ ਉਸੇ ਵੇਲੇ ਇਸ ’ਚ ਭਾਗ ਲੈਣ ਦਾ ਪੱਕਾ ਮਨ ਬਣਾ ਲਿਆ। ਗੁਰਵਿੰਦਰ ਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਤੇ ਉਸਦੇ ਸਕੂਲ ਅਧਿਆਪਕਾਂ ਦੀ ਹੌਸਲਾ ਅਫ਼ਜਾਈ ਸਦਕਾ ਹੀ ਉਸਨੇ ਪੂਰੇ ਜ਼ਿਲੇ ’ਚੋਂ ਬਾਜ਼ੀ ਮਾਰੀ ਹੈ।
ਇਸੇ ਤਰਾਂ ਦੂਜੇ ਸਥਾਨ ’ਤੇ ਰਹਿਣ ਵਾਲੀ ਸਰਕਾਰੀ ਸਕੂਲ ਦੀ ਵਿਦਿਆਰਥਣ ਪਰੀਤੀ ਨੇ ਦੱਸਿਆ ਕਿ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਲਈ ਉਸਨੇ ਕੋਰੋਨਾਵਾਇਰਸ ਵਿਰੁੱਧ ਲੋਕਾਂ ’ਚ ਹੌਸਲਾ ਪੈਦਾ ਕਰਨ ਵਾਲੀ ਕਵਿਤਾ ਜ਼ਰੀਏ ਆਪਣੀ ਐਂਟਰੀ ਭੇਜੀ। ਉਸਨੇ ਦੱਸਿਆ ਕਿ ਉਸਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਨੇ ਜ਼ਿਲੇ ’ਚੋਂ ਦੂਜਾ ਇਨਾਮ ਜਿੱਤਿਆ ਹੈ। ਪਰੀਤੀ ਨੇ ਕਿਹਾ ਕਿ ਉਹ ਗਾਇਕੀ ਰਾਹੀਂ ਆਪਣਾ ਭਵਿੱਖ ਸੰਵਾਰਨਾ ਚਾਹੁੰਦੀ ਹੈ ਅਤੇ ਇਸ ਲਈ ਉਸਦਾ ਪਰਿਵਾਰ ਤੇ ਸਕੂਲ ਅਧਿਆਪਕ ਉਸਦਾ ਪੂਰਾ ਸਾਥ ਦੇ ਰਹੇ ਹਨ।
ਤੀਸਰੇ ਸਥਾਨ ’ਤੇ ਰਹਿਣ ਵਾਲੀ ਨਿੱਕੀ ਜਿਹੀ ਬੱਚੀ ਗੁਰਸਿਮਰਤ ਕੌਰ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਉਹ ਸਾਇੰਸਦਾਨ ਬਣ ਕੇ ਪੁਲਾੜ ’ਚ ਜਾਣਾ ਚਾਹੁੰਦੀ ਹੈ ਤੇ ਇਹ ਮੁਕਾਬਲਾ ਜਿੱਤ ਕੇ ਉਸਨੂੰ ਬਹੁਤ ਖ਼ੁਸ਼ੀ ਹੋਈ ਹੈ। ਇਸ ਮੌਕੇ ਗੁਰਸਿਮਰਤ ਦੇ ਪਿਤਾ ਨੇ ਕਿਹਾ ਕਿ ਕੋਵਿਡ-19 ਕਾਰਨ ਬੱਚਿਆਂ ਦੇ ਅਜਾਈਂ ਜਾ ਰਹੇ ਸਮੇਂ ਨੂੰ ਚੰਗੇ ਪਾਸੇ ਲਾਉਣ ਲਈ ਅਜਿਹਾ ਮੁਕਾਬਲਾ ਕਰਵਾਉਣ ਲਈ ਉਹ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਧਨਵਾਦ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਉਹ ਭਵਿੱਖ ’ਚ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਚੰਗੀਆਂ ਨੀਤੀਆਂ ਘੜਦੇ ਰਹਿਣਗੇ।
ਫੋਟੋ ਕੈਪਸ਼ਨ: ਜੇਤੂ ਵਿਦਿਆਰਥੀਆਂ ਨਾਲ ਵੀਡਿਓ ਕਾਲ ਜ਼ਰੀਏ ਗੱਲਬਾਤ ਕਰਦੇ ਹੋਏ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ।