ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਿਡ-19 ਦੇ ਹੁਣ ਕੁੱਲ 53 ਐਕਟਿਵ ਕੇਸ-ਡਿਪਟੀ ਕਮਿਸ਼ਨਰ

ਅੱਜ ਇੱਕ ਹੋਰ ਮਰੀਜ਼ ਨੂੰ ਕਰੋਨਾ ਮੁਕਤ ਹੋਣ ‘ਤੇ ਘਰ ਨੂੰ ਭੇਜਿਆ ਗਿਆ
ਅੱਜ ਪ੍ਰਾਪਤ 313 ਨਤੀਜਿਆਂ ਵਿਚੋਂ 300 ਦੀ ਰਿਪੋਰਟ ਆਈ ਨੈਗੇਟਿਵ, 13 ਨਵੇਂ ਪੋਜੇਟਿਵ ਕੇਸ ਸਾਹਮਣੇ ਆਏ
ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਕੋਰੋਨਾ ਸਬੰਧੀ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨ ਦੀ ਅਪੀਲ
ਨਿਊਜ਼ ਪੰਜਾਬ
ਤਰਨ ਤਾਰਨ, 26 ਜੁਲਾਈ : ਜ਼ਿਲਾ ਤਰਨ ਤਾਰਨ ਵਿੱਚ ਹੁਣ ਕੋਰੋਨਾ ਵਾਇਰਸ ਦੇ 53 ਐਕਟਿਵ ਕੇਸ ਚੱਲ ਰਹੇ ਹਨ, ਜਦਕਿ 216 ਪੀੜਤ ਵਿਅਕਤੀ ਇਲਾਜ ਕਰਵਾਕੇ ਅਪਣੇ ਘਰਾਂ ਨੂੰ ਵਾਪਿਸ ਚਲੇ ਗਏ ਹਨ। ਅੱਜ ਇੱਕ ਹੋਰ ਮਰੀਜ਼ ਨੂੰ ਕਰੋਨਾ ਮੁਕਤ ਹੋਣ ‘ਤੇ ਘਰ ਨੂੰ ਭੇਜਿਆ ਗਿਆ ਹੈ। ਜ਼ਿਲੇ ਵਿੱਚ ਅੱਜ ਕੁੱਲ 313 ਨਮੂਨਿਆਂ ਦੀ ਰਿਪੋਰਟ ਆਈ ਹੈ, ਜਿਸ ਵਿਚੋਂ 300 ਸੈਂਪਲ ਨੈਗੇਟਿਵ ਪਾਏ ਗਏ ਹਨ ਜਦਕਿ 13 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਪੰਜਾਬ ਭਰ ਵਿੱਚ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਹੋਰ ਬਿਸਤਰਿਆਂ ਦੀ ਵਿਵਸਥਾ ਕੀਤਾ ਜਾ ਰਹੀ ਹੈ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਮੌਜੂਦ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਲਈ ਉਨਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਘਬਰਾਉਣ ਨਾ ਬਲਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਮੁਕੰਮਲ ਰੂਪ ਵਿੱਚ ਪਾਲਣਾ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ 15917 ਸੈਂਪਲ ਲਏ ਜਾ ਚੁੱਕੇ ਹਨ ਅਤੇ ਇਨਾਂ ਨਮੂਨਿਆਂ ਵਿੱਚ ਘਰ-ਘਰ ਮੁਹਿੰਮ ਤਹਿਤ ਗੰਭੀਰ ਬਿਮਾਰੀਆਂ ਤੋਂ ਪੀੜਤ ਸਾਰੇ ਵਿਅਕਤੀਆਂ ਦੇ ਨਮੂਨੇ ਵੀ ਸ਼ਾਮਿਲ ਹਨ।ਉਹਨਾਂ ਦੱਸਿਆ ਕਿ 15230 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਅਤੇ 422 ਨਮੂਨਿਆਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।ਅੱਜ ਲਏ ਗਏ 99 ਨਮੂਨਿਆਂ ਵਿਚੋਂ ਸਿਵਲ ਹਸਪਤਾਲ ਤਰਨ ਤਾਰਨ ‘ਚੋ 15, ਸਬ-ਡਵੀਜ਼ਨ ਹਸਪਤਾਲ ਖਡੂਰ ਸਾਹਿਬ ਵਿਚੋਂ 38, ਸਬ-ਡਵੀਜ਼ਨ ਹਸਪਤਾਲ ਪੱਟੀ ‘ਚੋ 14, ਕਮਿਊਨਿਟੀ ਹੈੱਲਥ ਸੈਂਟਰ ਸੁਰ ਸਿੰਘ ਵਿੱਚੋਂ 16,  ਅਤੇ ਕਮਿਊਨਿਟੀ ਹੈੱਲਥ ਸੈਂਟਰ  ਸਰਹਾਲੀ ਵਿਖੇ 16 ਨਮੂਨੇ ਲਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸੇ ਵੀ ਮਨੋਵਿਗਿਆਨਿਕ ਸਲਾਹ ਲਈ ਵਿਸ਼ੇਸ਼ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਉਨਾਂ ਕਿਹਾ ਕਿ ਲੋਕ ਟੋਲ ਫਰੀ ਨੰਬਰ 104, 0172-2920074, 1800-180-4104 `ਤੇ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਈ-ਸੰਜੀਵਨੀ ਪੋਰਟਲ ਉਪਰ ਵੀ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।